ਨਵੀਂ ਦਿੱਲੀ, 21 ਜੂਨ
ਨਵੇਂ ਦੂਰਸੰਚਾਰ ਕਾਨੂੰਨ 2023 ਦੀਆਂ ਕੁੱਝ ਧਾਰਾਵਾਂ 26 ਜੂਨ ਤੋਂ ਲਾਗੂ ਹੋ ਜਾਣਗੀਆਂ। ਸ਼ੁੱਕਰਵਾਰ ਨੂੰ ਜਾਰੀ ਇੱਕ ਸਰਕਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਦੂਰਸੰਚਾਰ ਕਾਨੂੰਨ 2023 ਦੀਆਂ ਕੁੱਝ ਧਾਰਾਵਾਂ ਤਹਿਤ ਨਿਯਮ 26 ਜੂਨ ਤੋਂ ਲਾਗੂ ਹੋ ਜਾਣਗੇ। ਦੂਰਸੰਚਾਰ ਕਾਨੂੰਨ 2023 ਭਾਰਤੀ ਟੈਲੀਗ੍ਰਾਫ ਕਾਨੂੰਨ 1885, ਵਾਇਰਲੈਸ ਟੈਲੀਗ੍ਰਾਫੀ ਕਾਨੂੰਨ (1933) ਅਤੇ ਟੈਲੀਗ੍ਰਾਫ ਵਾਇਰ (ਗ਼ੈਰਕਾਨੂੰਨੀ ਕਬਜ਼ਾ) ਕਾਨੂੰਨ (1950) ’ਤੇ ਅਧਾਰਿਤ ਦੂਰਸੰਚਾਰ ਖੇਤਰ ਲਈ ਮੌਜੂਦਾ ਅਤੇ ਪੁਰਾਣੇ ਰੈਗੂਲੇਟਰੀ ਢਾਂਚੇ ਦੀ ਥਾਂ ਲਏਗਾ। ਇਨ੍ਹਾਂ ਨਿਯਮਾਂ ਤਹਿਤ ਸਰਕਾਰ ਨੂੰ ਕੌਮੀ ਸੁਰੱਖਿਆ, ਵਿਦੇਸ਼ੀ ਸਰਕਾਰਾਂ ਨਾਲ ਦੋਸਤਾਨਾ ਸਬੰਧਾਂ ਜਾਂ ਜੰਗ ਦੀ ਸਥਿਤੀ ਵਿੱਚ ਕਿਸੇ ਵੀ ਦੂਰਸੰਚਾਰ ਸੇਵਾ ਜਾਂ ਨੈੱਟਵਰਕ ਦੇ ਸਾਰੇ ਜਾਂ ਕਿਸੇ ਵੀ ਹਿੱਸੇ ਦਾ ਕੰਟਰੋਲ ਅਤੇ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈਣ ਦੀ ਖੁੱਲ੍ਹ ਮਿਲੇਗੀ। -ਪੀਟੀਆਈ