ਰਤਨ ਸਿੰਘ ਢਿੱਲੋਂ
ਅੰਬਾਲਾ, 6 ਜੁਲਾਈ
ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਕੇਂਦਰੀ ਜੇਲ੍ਹ ਅੰਬਾਲਾ ’ਚੋਂ ਰਿਹਾਅ ਕਰਵਾਉਣ ਦੀ ਰਣਨੀਤੀ ਬਣਾਉਣ ਲਈ ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਬਲਾਣਾ ਦੇ ਗੁਰਦੁਆਰੇ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਤ ਸ਼ਹੀਦ ਭਗਤ ਸਿੰਘ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਨੇ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਨਵਦੀਪ ਦੇ ਪਿਤਾ ਜੈ ਸਿੰਘ ਜਲਬੇੜਾ ਤੇ ਹੋਰਾਂ ਨੇ ਨਵਦੀਪ ਦੀ ਰਿਹਾਈ ਲਈ 17 ਅਤੇ 18 ਜੁਲਾਈ ਨੂੰ ਅੰਬਾਲਾ ਦੇ ਐੱਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਫ਼ੈਸਲਾ ਦੁਹਰਾਇਆ।
ਇਸ ਮੌਕੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਤੋਂ ਬਾਅਦ ਅਨਮੋਲ ਨੇ ਕਿਸਾਨਾਂ ਨੂੰ ਨਵਦੀਪ ਦੀ ਰਿਹਾਈ ਲਈ 17 ਅਤੇ 18 ਜੁਲਾਈ ਨੂੰ ਐੱਸਪੀ ਦਫ਼ਤਰ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਪੰਧੇਰ ਨੇ ਕਿਹਾ ਕਿ 17 ਨੂੰ ਪਹਿਲਾਂ ਅਨਾਜ ਮੰਡੀ ਇਕੱਠੇ ਹੋ ਕੇ 11 ਵਜੇ ਐੱਸਪੀ ਦਫ਼ਤਰ ਵੱਲ ਕੂਚ ਕੀਤਾ ਜਾਵੇਗਾ।
ਅਮਰਜੀਤ ਸਿੰਘ ਮੌਹੜੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਸਾਥੀਆਂ ਨੂੰ ਬੇਬੁਨਿਆਦ ਧਾਰਾਵਾਂ ਲਾ ਕੇ ਜੇਲ੍ਹੀਂ ਡੱਕਿਆ ਹੋਇਆ ਹੈ। ਉਨ੍ਹਾਂ ’ਤੇ ਬਿਨਾਂ ਕਾਰਨ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਾਰਨ ਜੇਲ੍ਹੀਂ ਡੱਕੇ ਗਏ ਨੌਜਵਾਨਾਂ ਅਤੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
The post ਨਵਦੀਪ ਦੀ ਰਿਹਾਈ ਲਈ 17 ਨੂੰ ਅੈੱਸਪੀ ਦਫ਼ਤਰ ਘੇਰਨ ਦਾ ਅੈਲਾਨ appeared first on Punjabi Tribune.