ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਮਾਰਚ
ਨਗਰ ਕੌਂਸਲ ਖੰਨਾ ਵੱਲੋਂ ਜਨਵਰੀ ਮਹੀਨੇ ਲਾਏ ਟੈਂਡਰ ਵਿਵਾਦਾਂ ’ਚ ਘਿਰ ਗਏ ਸਨ। ਇਨ੍ਹਾਂ ਵਿੱਚੋਂ ਲਾਏ ਕੁਝ ਟੈਡਰਾਂ ’ਤੇ ਮੁੜ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਕਾਰਨ ਇਹ ਮਾਮਲਾ ਮੁੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਾ ਸਕਦਾ ਹੈ। ਅਣਅਧਿਕਾਰਤ ਇਲਾਕਿਆਂ ਦੇ ਟੈਂਡਰ ਕਥਿਤ ਮਿਲੀਭੁਗਤ ਨਾਲ ਲਾਉਣ ਦਾ ਖ਼ੁਲਾਸਾ ਕਰ ਕੇ ਟੈਡਰਾਂ ’ਤੇ ਵਿਵਾਦ ਭਖ਼ਣ ਦਾ ਮਾਮਲਾ ਪਹਿਲਾਂ ਵੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਚੁੱਕਿਆ ਗਿਆ ਸੀ।
ਜਾਣਕਾਰੀ ਅਨੁਸਾਰ ਅਨੁਮਾਨਤ 1 ਕਰੋੜ 72 ਲੱਖ ਰੁਪਏ ਦੇ 8 ਟੈਂਡਰ 24 ਜਨਵਰੀ 2025 ਨੂੰ ਆਨਲਾਈਨ ਚਾੜ੍ਹ ਦਿੱਤੇ ਗਏ ਸਨ ਤੇ 18 ਫਰਵਰੀ ਤੱਕ ਚਾਹਵਾਨ ਠੇਕੇਦਾਰ ਟੈਂਡਰ ਭਰ ਸਕਦੇ ਸਨ। ਇਸ ਦੀ ਟੈਕਨੀਕਲ ਬਿੱਡ 19 ਫਰਵਰੀ ਨੂੰ ਖੁੱਲ੍ਹਣੀ ਸੀ ਪਰ ਇਹ ਟੈਂਡਰ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਦਸਤਖ਼ਤਾਂ ਤੋਂ ਬਿਨਾਂ ਲਗਾ ਦਿੱਤੇ ਗਏ ਸਨ। ਇਸ ’ਤੇ ਪ੍ਰਧਾਨ ਨੇ ਦੋ ਟੈਂਡਰਾਂ ਦਾ ਹਵਾਲਾ ਦੇ ਕੇ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਉਨ੍ਹਾਂ ਦਸਤਖ਼ਤ ਦਾ ਅਧਿਕਾਰ ਖੋਹਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਟੈਂਡਰ ਅਣਅਧਿਕਾਰਤ ਥਾਵਾਂ ’ਤੇ ਲਾਏ ਗਏ ਹਨ। ਇਸ ਉਪਰੰਤ ਹਾਈ ਕੋਰਟ ਨੇ ਨਗਰ ਕੌਂਸਲ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਕਿ 1.72 ਕਰੋੜ ਦੇ 8 ਟੈਂਡਰਾਂ ’ਚੋਂ ਜਿਹੜੇ ਕੰਮ ਅਣ-ਅਧਿਕਾਰਤ ਇਲਾਕੇ ਵਿੱਚ ਹਨ, ਨੂੰ ਹਟਾ ਕੇ ਮੁੜ ਟੈਂਡਰ ਲਾਏ ਜਾਣ। ਇਸ ’ਤੇ ‘ਆਪ’ ਦੇ ਕੌਸਲਰਾਂ ਨੇ ਪ੍ਰਧਾਨ ਖ਼ਿਲਾਫ਼ ਵਿਕਾਸ ਕਾਰਜ ਰੋਕਣ ਦਾ ਦੋਸ਼ ਲਗਾ ਕੇ ਸ਼ਹਿਰ ’ਚ ਉਨ੍ਹਾਂ ਖ਼ਿਲਾਫ਼ ਰੋਸ ਮਾਰਚ ਕੀਤਾ ਤੇ ਪੁਤਲਾ ਫੂਕਿਆ।
ਅਫ਼ਸਰਸ਼ਾਹੀ ਨੇ ਅਦਾਲਤੀ ਹੁਕਮਾਂ ਦੀ ਅਣਦੇਖੀ ਕੀਤੀ: ਲੱਧੜ
ਨਗਰ ਕੌਂਸਲ ਪ੍ਰਧਾਨ ਲੱਧੜ ਨੇ ਕਿਹਾ ਕਿ ਅਫ਼ਸਰਸ਼ਾਹੀ ਨੇ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਕੀਤੀ ਹੈ। ਇਸ ’ਚ ਅਣ-ਅਧਿਕਾਰਤ ਖੇਤਰ ਅੱਪੂ ਘਰ ਬੁੱਲ੍ਹੇਪੁਰ ਰੋਡ ਇਲਾਕੇ ’ਚ 14 ਲੱਖ 10 ਹਜ਼ਾਰ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਾਉਣ ਦਾ ਟੈਂਡਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਹਾਈ ਕੋਰਟ ਦਾ ਹੁਕਮ ਹੈ ਕਿ ਅਣ-ਅਧਿਕਾਰਤ ਖੇਤਰਾਂ ਦੇ ਟੈਂਡਰ ਛੱਡ ਕੇ ਬਾਕੀ ਖੇਤਰਾਂ ਦੇ ਟੈਂਡਰ ਮੁੜ ਲਾਏ ਜਾਣ ਤਾਂ ਅੱਪੂ ਘਰ ਇਲਾਕੇ ਦਾ ਟੈਂਡਰ ਲਾਉਣਾ ਅਦਾਲਤ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ। ਇਸ ਸਬੰਧੀ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।ਕੰਮ ਕਾਨੂੰਨ ਅਨੁਸਾਰ ਹੋਇਆ: ਅਧਿਕਾਰੀ
ਨਗਰ ਕੌਂਸਲ ਦੇ ਐੱਮਈ ਮੁਕੇਸ਼ ਕੁਮਾਰ ਨੇ ਕਿਹਾ ਕਿ ਕੌਂਸਲ ਪ੍ਰਧਾਨ ਸ੍ਰੀ ਲੱਧੜ ਵੱਲੋਂ ਜਿਹੜੇ ਟੈਂਡਰ ਦਾ ਅਦਾਲਤ ਵਿੱਚ ਇਤਰਾਜ਼ ਕੀਤਾ ਗਿਆ ਸੀ, ਉਨ੍ਹਾਂ ਨੂੰ ਛੱਡ ਕੇ ਬਾਕੀ ਟੈਂਡਰ ਲਾਏ ਗਏ ਹਨ ਜਿਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਕਾਨੂੰਨੀ ਤੌਰ ’ਤੇ ਸਹੀ ਕੰਮ ਕੀਤਾ ਜਾ ਰਿਹਾ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਅਨੁਸਾਰ ਹੀ ਟੈਂਡਰ ਲਾ ਕੇ ਵਰਕ ਆਰਡਰ ਵੀ ਜਾਰੀ ਕੀਤੇ ਗਏ ਹਨ।
The post ਨਗਰ ਕੌਂਸਲ ਖੰਨਾ ਵੱਲੋਂ ਲਾਏ ਟੈਂਡਰਾਂ ਦਾ ਮਾਮਲਾ ਮੁੜ ਭਖ਼ਿਆ appeared first on Punjabi Tribune.
News Source link
#ਨਗਰ #ਕਸਲ #ਖਨ #ਵਲ #ਲਏ #ਟਡਰ #ਦ #ਮਮਲ #ਮੜ #ਭਖਆ