ਪੱਛਮੀ ਬੰਗਾਲ ਵਿੱਚ ਅੱਜ ਆਏ ਭੂਚਾਲ ਦੇ ਤੀਬਰ ਝਟਕਿਆਂ ਨੇ ਲੋਕਾਂ ਨੂੰ ਡਰਾ ਦਿੱਤਾ। ਕੋਲਕਾਤਾ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਧਰਤੀ ਹਿਲਦੀ ਮਹਿਸੂਸ ਕੀਤੀ ਗਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਬੰਗਲਾਦੇਸ਼ ਦੇ ਟੁੰਗੀ ਤੋਂ ਲਗਭਗ 27 ਕਿਲੋਮੀਟਰ ਪੂਰਬ ਭੂਚਾਲ ਆਇਆ, ਜਿਸ ਦੇ ਝਟਕੇ ਬੰਗਾਲ ਤੱਕ ਮਹਿਸੂਸ ਹੋਏ। ਸਥਾਨਕ ਸਮੇਂ ਅਨੁਸਾਰ ਇਹ ਝਟਕੇ ਸਵੇਰੇ 10:38 ਵਜੇ ਦਰਜ ਕੀਤੇ ਗਏ। ਯੂਰਪੀ-ਮੇਡੀਟੇਰੇਨੀਆਈ ਭੂਚਾਲ ਕੇਂਦਰ (EMSC) ਮੁਤਾਬਕ ਭੂਚਾਲ ਤੋਂ ਬਾਅਦ ਕਈ ਇਲਾਕਿਆਂ ਤੋਂ ਹਲਕੇ ਝਟਕਿਆਂ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।
ਬੰਗਾਲ ਦੇ ਮਾਲਦਾ, ਨਾਦੀਆ, ਕੂਚ ਬਿਹਾਰ, ਦੱਖਣ ਦਿਨਾਜਪੁਰ ਅਤੇ ਹੁਗਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੰਪਨ ਦਰਜ ਕੀਤੇ ਗਏ। ਝਟਕੇ ਸਿਰਫ਼ ਪੱਛਮੀ ਬੰਗਾਲ ਤੱਕ ਹੀ ਸੀਮਿਤ ਨਹੀਂ ਰਹੇ, ਸਗੋਂ ਤ੍ਰਿਪੁਰਾ ਦੇ ਕਈ ਹਿੱਸਿਆਂ ਵਿੱਚ ਵੀ ਭੂਚਾਲ ਮਹਿਸੂਸ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਆਏ ਭੂਚਾਲ ਤੋਂ ਬਾਅਦ ਇਹ ਝਟਕੇ ਉੱਤਰ-ਪੂਰਬ ਅਤੇ ਕੋਲਕਾਤਾ ਤੱਕ ਪਹੁੰਚੇ।
ਪਾਕਿਸਤਾਨ ਅਤੇ ਅਫ਼ਗਾਨਿਸਤਾਨ ‘ਚ ਮਹਿਸੂਸ ਹੋਏ ਝਟਕੇ
ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿੱਚ ਅੱਜ ਤੜਕੇ ਤੀਬਰ ਝਟਕਿਆਂ ਕਾਰਨ ਕਈ ਇਲਾਕਿਆਂ ਵਿੱਚ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ। ਨੈਸ਼ਨਲ ਸੈਂਟਰ ਫ਼ੋਰ ਸੀਸਮੋਲੋਜੀ ਮੁਤਾਬਕ ਭੂਚਾਲ ਦੀ ਤੀਵਰਤਾ ਰਿਕਟਰ ਪੈਮਾਨੇ ’ਤੇ 5.2 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਧਰਤੀ ਤੋਂ ਲਗਭਗ 135 ਕਿਲੋਮੀਟਰ ਗਹਿਰਾਈ ’ਤੇ ਸੀ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਅਫ਼ਗਾਨਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਦਰਜ ਹੋਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਪਹਿਲਾ ਝਟਕਾ ਰਾਤ 1:59 ਵਜੇ ਮਹਿਸੂਸ ਕੀਤਾ ਗਿਆ, ਜਿਸ ਦਾ ਕੇਂਦਰ ਲਗਭਗ 190 ਕਿਲੋਮੀਟਰ ਗਹਿਰਾਈ ’ਤੇ ਸੀ। ਇਸ ਤੋਂ ਬਾਅਦ ਸਵੇਰੇ 3:09 ਵਜੇ ਪਾਕਿਸਤਾਨ ਵਿੱਚ ਦੂਜਾ, ਹੋਰ ਤੀਬਰ ਝਟਕਾ ਦਰਜ ਕੀਤਾ ਗਿਆ, ਜਿਸ ਦੀ ਤੀਬਰਤਾ 5.2 ਰਹੀ।
ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਉੱਤਰੀ ਭਾਰਤ ਦਾ ਵੱਡਾ ਹਿੱਸਾ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ-ਪ੍ਰਵਣ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੀ ਟੱਕਰ ਕਾਰਨ ਹੌਲੇ ਤੋਂ ਲੈ ਕੇ ਤੀਬਰ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ।
ਭੂਚਾਲ ਕਿਉਂ ਆਉਂਦੇ ਹਨ?
ਭੂਚਾਲ ਆਉਣ ਦਾ ਕਾਰਣ ਸਮਝਣ ਲਈ ਪਹਿਲਾਂ ਧਰਤੀ ਦੀ ਬਣਤਰ ਨੂੰ ਜਾਣਨਾ ਜਰੂਰੀ ਹੈ। ਧਰਤੀ ਦੀ ਬਾਹਰੀ ਪਰਤ, ਜਿਸ ਵਿੱਚ ਕ੍ਰਸਟ ਅਤੇ ਉੱਪਰਲਾ ਮੈਂਟਲ ਸ਼ਾਮਲ ਹੁੰਦੇ ਹਨ, ਕੁੱਲ 15 ਵੱਡੀਆਂ ਤੇ ਛੋਟੀਆਂ ਟੈਕਟੋਨਿਕ ਪਲੇਟਾਂ ਤੋਂ ਬਣੀ ਹੁੰਦੀ ਹੈ। ਇਹ ਪਲੇਟਾਂ ਇੱਕ ਥਾਂ ਟਿਕੀਆਂ ਨਹੀਂ ਰਹਿੰਦੀਆਂ, ਸਗੋਂ ਬਹੁਤ ਹੌਲੀ ਗਤੀ ਨਾਲ ਲਗਾਤਾਰ ਹਿੱਲਦੀਆਂ-ਡੁੱਲਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਇੱਕ-ਦੂਜੇ ਦੇ ਕੋਲ ਆਉਂਦੀਆਂ ਹਨ ਅਤੇ ਆਪਸ ਵਿੱਚ ਟਕਰਾਉਂਦੀਆਂ ਜਾਂ ਰਗੜ ਖਾਂਦੀਆਂ ਹਨ, ਤਾਂ ਊਰਜਾ ਦਾ ਜ਼ਬਰਦਸਤ ਦਬਾਅ ਤਿਆਰ ਹੁੰਦਾ ਹੈ। ਇਹ ਦਬਾਅ ਜਦੋਂ ਅਚਾਨਕ ਮੁਕਤ ਹੁੰਦਾ ਹੈ, ਤਾਂ ਧਰਤੀ ਹਿਲਦੀ ਹੈ ਅਤੇ ਭੂਚਾਲ ਆਉਂਦਾ ਹੈ।
ਹੋਰ ਪੜ੍ਹੋ