ਨਵੀਂ ਦਿੱਲੀ, 14 ਜੂਨ
ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ ਖੁਰਾਕੀ ਵਸਤਾਂ ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਮਈ ਮਹੀਨੇ 15.88 ਫੀਸਦ ਦੇ ਰਿਕਾਰਡ ਪੱਧਰ ’ਤੇ ਪੁੱਜ ਗਈ ਹੈ। ਡਬਲਿਊਪੀਆਈ ਆਧਾਰਿਤ ਮਹਿੰਗਾਈ ਅਪਰੈਲ ਮਹੀਨੇ 15.08 ਫੀਸਦ ਸੀ ਜਦੋਂਕਿ ਪਿਛਲੇ ਸਾਲ ਮਈ ਵਿੱਚ ਇਹ ਅੰਕੜਾ 13.11 ਫੀਸਦ ਸੀ। ਵਣਜ ਤੇ ਸਨਅਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਮਈ 2022 ਵਿੱਚ ਮਹਿੰਗਾਈ ਦੇ ਉਚੇਰੇ ਪੱਧਰ ਲਈ ਮੁੱਖ ਤੌਰ ’ਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਮਿਨਰਲ ਤੇਲ, ਕੱਚੇ ਪੈਟਰੋਲੀਅਮ ਤੇ ਕੁਦਰਤੀ ਗੈਸ, ਖੁਰਾਕੀ ਵਸਤਾਂ, ਬੁਨਿਆਦੀ ਧਾਤ, ਗੈਰ-ਖੁਰਾਕੀ ਵਸਤਾਂ, ਰਸਾਇਣ ਤੇ ਰਸਾਇਣ ਉਤਪਾਦ ਤੇ ਖੁਰਾਕੀ ਉਤਪਾਦ ਆਦਿ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਜ਼ਿੰਮੇਵਾਰ ਹੈ।’’ ਪਿਛਲੇ ਸਾਲ ਅਪਰੈਲ ਮਗਰੋਂ ਲਗਾਤਾਰ 14 ਮਹੀਨਿਆਂ ਤੋਂ ਥੋਕ ਕੀਮਤਾਂ ਸੂਚਕਾ ਅੰਕ ਆਧਾਰਿਤ ਮਹਿੰਗਾਈ ਦਰ ਦਹਾਈ ਦੇ ਅੰਕੜੇ ਵਿੱਚ ਹੈ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਨੇ ਉੱਤੇ ਵੱਲ ਨੂੰ ਸ਼ੂਟ ਵੱਟੀ ਹੋਈ ਹੈ। ਮਈ ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 12.34 ਫੀਸਦ ਸੀ, ਕਿਉਂਕਿ ਸਬਜ਼ੀਆਂ, ਕਣਕ, ਫ਼ਲਾਂ ਤੇ ਆਲੂ ਦੇ ਭਾਅ ਵਿੱਚ ਤੇਜ਼ੀ ਵੇਖ ਗਈ। ਸਬਜ਼ੀਆਂ ਦੇ ਭਾਅ 56.36 ਫੀਸਦ ਜਦੋਂਕਿ ਕਣਕ 10.55 ਫੀਸਦ ਅਤੇ ਆਂਡੇ, ਮੀਟ ਤੇ ਮੱਛੀ ਦੀ ਮਹਿੰਗਾਈ ਦਰ 7.78 ਫੀਸਦ ਤੱਕ ਵਧੀ। ਈਂਧਣ ਤੇ ਪਾਵਰ ਦੀ ਮਹਿੰਗਾਈ 40.62 ਫੀਸਦ ਜਦੋਂਕਿ ਮੈਨੂਫੈਕਚਰਰ ਉਤਵਾਦਾਂ ਤੇ ਤੇਲ ਬੀਜਾਂ ਦੀ ਮਹਿੰਗਾਈ ਕ੍ਰਮਵਾਰ 10.11 ਫੀਸਦ ਤੇ 7.08 ਫੀਸਦ ਰਹੀ। ਮਈ ਵਿੱਚ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਮਹਿੰਗਾਈ 79.50 ਫੀਸਦ ਸੀ। ਇਸੇ ਮਹੀਨੇ ਪ੍ਰਚੂਨ ਮਹਿੰਗਾਈ 7.04 ਫੀਸਦ ਸੀ, ਜੋ ਭਾਰਤੀ ਰਿਜ਼ਰਵ ਬੈਂਕ ਦੇ ਮਹਿੰਗਾਈ ਟੀਚੇ ਨਾਲੋਂ ਲਗਾਤਾਰ ਪੰਜਵੇਂ ਮਹੀਨੇ ਵੱਧ ਸੀ। ਅਸਮਾਨੀ ਪੁੱਜੀ ਮਹਿੰਗਾਈ ਨੂੰ ਨੱਥ ਪਾਉਣ ਲਈ ਆਰਬੀਆਈ ਨੇ ਮਈ ਤੇ ਜੂਨ ਮਹੀਨੇ ਨੀਤੀਗਤ ਵਿਆਜ ਦਰ ਰੈਪੋ ਵਿੱਚ ਕ੍ਰਮਵਾਰ 40 ਤੇ 50 ਆਧਾਰ ਨੁਕਤਿਆਂ ਦੇ ਇਜ਼ਾਫੇ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਨੇ ਪਿਛਲੇ ਹਫ਼ਤੇ ਮਹਿੰਗਾਈ ਦਰ 100 ਬੁਨਿਆਦੀ ਅੰਕਾਂ ਦੇ ਵਾਧੇ ਨਾਲ ਮੌਜੂਦਾ ਵਿੱਤੀ ਸਾਲ 2022-23 ਵਿੱਚ 6.7 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੌਰਾਨ ਮੁੱਖ ਆਰਥਿਕ ਸਲਾਹਕਾਰ ਵੀ.ਅਨੰਤਾ ਨਾਗੇਸ਼ਵਰਨ ਨੇ ਕਿਹਾ ਕਿ ਭਾਰਤ 2026-27 ਤੱਕ 5 ਖਰਬ ਅਮਰੀਕੀ ਡਾਲਰ ਅਤੇ 2033-34 ਤੱਕ 10 ਖਰਬ ਡਾਲਰ ਵਾਲਾ ਅਰਥਚਾਰਾ ਬਣ ਜਾਵੇਗਾ। ਨਾਗੇਸ਼ਵਰਨ ਯੂਐੱਨਡੀਪੀ ਇੰਡੀਆ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ
ਆਰਬੀਆਈ ਵਧਾ ਸਕਦੈ ਵਿਆਜ ਦਰਾਂ: ਫਿਚ
ਨਵੀਂ ਦਿੱਲੀ: ਫਿਚ ਰੇਟਿੰਗਜ਼ ਨੇ ਅੱਜ ਕਿਹਾ ਕਿ ਮਹਿੰਗਾਈ ਕਰਕੇ ਨਿਘਰਦੇ ਆਰਥਿਕ ਹਾਲਾਤ ਦਰਮਿਆਨ ਰਿਜ਼ਰਵ ਬੈਂਕ ਦਸੰਬਰ 2022 ਤੱਕ ਨੀਤੀਗਤ ਵਿਆਜ ਦਰਾਂ 5.9 ਫੀਸਦ ਤੱਕ ਵਧਾ ਸਕਦਾ ਹੈ। ਫਿਚ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਵਿਗੜਦੇ ਬਾਹਰੀ ਮਾਹੌਲ; ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਤੇ ਸਖ਼ਤ ਆਲਮੀ ਮੁਦਰਾ ਨੀਤੀ ਜਿਹੀਆਂ ਚੁਣੌਤੀਆਂ ਦਰਪੇਸ਼ ਹਨ। ਫਿਚ ਨੇ ਗਲੋਬਲ ਇਕਨੋਮਿਕਸ ਆਊਟਲੁਕ ਨੂੰ ਦਿੱਤੇ ਬਿਆਨ ਵਿੱਚ ਕਿਹਾ, ‘‘ਆਰਬੀਆਈ ਦਸੰਬਰ 2022 ਤੱਕ ਨੀਤੀਗਤ ਵਿਆਜ ਦਰਾਂ 5.9 ਫੀਸਦ ਤੱਕ ਵਧਾ ਸਕਦਾ ਹੈ ਅਤੇ ਸਾਲ 2023 ਦੇ ਅੰਤ ਤੱਕ ਇਹ ਵਾਧਾ 6.15 ਫੀਸਦ ਤੱਕ ਹੋ ਸਕਦਾ ਹੈ ਜਦੋਂਕਿ 2024 ਵਿੱਚ ਇਨ੍ਹਾਂ ਵਿੱਚ ਕੋਈ ਫੇਰ-ਬਦਲ ਨਾ ਹੋਣ ਦੇ ਆਸਾਰ ਹਨ।’’ -ਪੀਟੀਆਈ
ਸ਼ੇਅਰ ਬਾਜ਼ਾਰ ’ਚ ਲਗਾਤਾਰ ਤੀਜੇ ਦਿਨ ਗਿਰਾਵਟ
ਮੁੰਬਈ: ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਅੱਜ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ਵਿਚ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰੀਆਂ ਮੁਤਾਬਕ ਕਮਜ਼ੋਰ ਆਰਥਿਕ ਅੰਕੜਿਆਂ, ਡਾਲਰ ਦੇ ਮੁਕਾਬਲੇ ਰੁਪਏ ਦੇ ਰਿਕਾਰਡ ਹੇਠਲੇ ਪੱਧਰ ਦੇ ਨੇੜੇ ਹੋਣ ਕਾਰਨ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਬਾਜ਼ਾਰ ਵਿਚੋਂ ਲਗਾਤਾਰ ਪੂੰਜੀ ਨਿਕਾਸੀ ਕਾਰਨ ਸਥਾਨਕ ਬਾਜ਼ਾਰ ’ਤੇ ਅਸਰ ਪਿਆ ਹੈ। 30 ਸ਼ੇਅਰਾਂ ਉਤੇ ਅਧਾਰਿਤ ਬੀਐੱਸਈ 153.13 ਅੰਕ ਜਾਂ 0.29 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 52,693.57 ਅੰਕਾਂ ਉਤੇ ਬੰਦ ਹੋਇਆ। -ਪੀਟੀਆਈ