ਨਵੀਂ ਦਿੱਲੀ, 12 ਨਵੰਬਰ
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਭਰੋਸਾ ਜਤਾਇਆ ਕਿ ਭਾਰਤ 2022-23 ਵਿਚ ਸੱਤ ਪ੍ਰਤੀਸ਼ਤ ਵਿਕਾਸ ਦਰ ਦੇ ਨਾਲ ਤੇਜ਼ੀ ਨਾਲ ਵਧ ਰਹੀ ਵੱਡੀ ਆਰਥਿਕਤਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਮਜ਼ਬੂਤ ‘ਮੈਕਰੋਇਕਨਾਮਿਕਸ’ ਤੇ ਸਥਿਰ ਵਿੱਤੀ ਸੈਕਟਰ ਦੇ ਸਿਰ ’ਤੇ ਭਾਰਤ ਤੇਜ਼ੀ ਨਾਲ ਵਧਦਾ ਰਹੇਗਾ। ਇੱਥੇ ਇਕ ਸੰਮੇਲਨ ਵਿਚ ਦਾਸ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦਾ ਅਰਥਚਾਰਾ ਮਜ਼ਬੂਤ ਹੈ। ਇਸ ਨੂੰ ਬੈਂਕਿੰਗ ਤੇ ਗੈਰ-ਬੈਂਕਿੰਗ ਖੇਤਰ ਸਹਾਰਾ ਦੇ ਰਿਹਾ ਹੈ। ਦਾਸ ਨੇ ਕਿਹਾ ਕਿ ਪੂਰੇ ਸੰਸਾਰ ਨੂੰ ਕਈ ਝਟਕੇ ਲੱਗੇ ਹਨ ਪਰ ਕਿਸੇ ਤਰ੍ਹਾਂ ਤਵਾਜ਼ਨ ਬਣਿਆ ਹੋਇਆ ਹੈ। ਉਨ੍ਹਾਂ ਇਸ ਮੌਕੇ ਮਹਾਮਾਰੀ, ਯੂਕੇਰਨ ਜੰਗ ਤੇ ਹੁਣ ਵਿੱਤੀ ਬਾਜ਼ਾਰ ਵਿਚ ਗੜਬੜੀ ਦਾ ਹਵਾਲਾ ਦਿੱਤਾ। ਗਵਰਨਰ ਨੇ ਕਿਹਾ ਕਿ ਵਿੱਤ ਬਾਜ਼ਾਰ ਵਿਚ ਉਥਲ-ਪੁਥਲ ਦਾ ਕਾਰਨ ਦੁਨੀਆ ਭਰ ਵਿਚ ਸਖ਼ਤ ਹੋ ਰਹੀ ਮੁਦਰਾ ਨੀਤੀ ਹੈ। ਅਮਰੀਕੀ ਕੇਂਦਰੀ ਬੈਂਕ ਤੇ ਦੁਨੀਆ ਦੇ ਹੋਰ ਵਿਕਸਿਤ ਮੁਲਕਾਂ ਦੀਆਂ ਸਖ਼ਤ ਨੀਤੀਆਂ ਦਾ ਅਸਰ ਉੱਭਰਦੇ ਅਰਥਚਾਰਿਆਂ ਉਤੇ ਪੈ ਰਿਹਾ ਹੈ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ਆਰਬੀਆਈ ਦੇ ਗਵਰਨਰ ਨੇ ਇਸ ਮੌਕੇ ਕਿਹਾ ਕਿ ਯੂਰੋਪੀਅਨ ਯੂਨੀਅਨ ਨੂੰ ਮੰਦੀ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਮੀਦ ਹੈ ਕਿ ਉਹ ਇਸ ਤੋਂ ਬਚ ਜਾਣਗੇ। ਅਮਰੀਕਾ ਵੀ ਸਥਿਰਤਾ ਲਈ ਯਤਨ ਕਰ ਰਿਹਾ ਹੈ ਪਰ ਹੋਰ ਮੁਲਕ ਵੀ ਹਨ ਜਿੱਥੇ ਵਿਕਾਸ ਦਰ ਸੁਸਤ ਹੈ। -ਪੀਟੀਆਈ