ਆਗਰਾ (ਯੂਪੀ), 28 ਫਰਵਰੀ
ਪਿਛਲੇ ਦਸੰਬਰ ਵਿੱਚ ਸਾਹਮਣੇ ਆਏ ਬੰਗਲੂਰੂ ਵਾਸੀ ਤਕਨੀਕੀ ਮਾਹਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਉਸੇ ਤਰ੍ਹਾ ਦੇ ਇਕ ਹੋਰ ਮਾਮਲੇ ਵਿਚ ਆਗਰਾ ਦੇ ਇਕ 30 ਸਾਲਾ ਟੈੱਕ ਕਰਮੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇੱਕ ਵੀਡੀਓ ਵਿਚ ਉਸ ਨੇ ਆਪਣੀ ਪਤਨੀ ’ਤੇ ਦੋਸ਼ ਲਗਾਏ ਹਨ।
ਆਗਰਾ ਦੀ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਮਾਨਵ ਸ਼ਰਮਾ, ਜੋ ਮੁੰਬਈ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ, ਨੇ ਪਿਛਲੇ ਸਾਲ 30 ਜਨਵਰੀ ਨੂੰ ਨਿਕੇਤਾ ਨਾਲ ਵਿਆਹ ਕਰਵਾਇਆ ਸੀ। ਉਸ ਨੇ ਸੋਮਵਾਰ (24 ਫਰਵਰੀ) ਨੂੰ ਖੁਦਕੁਸ਼ੀ ਕਰ ਲਈ।
ਪੁਲੀਸ ਨੇ ਖੁਦਕੁਸ਼ੀ ਲਈ ਉਕਸਾਉਣ ਸਬੰਧੀ ਕੇਸ ਕਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਦੇ ਪਿਤਾ ਨਰਿੰਦਰ ਸ਼ਰਮਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਵੀਰਵਾਰ ਨੂੰ ਮਾਨਵ ਅਤੇ ਨਿਕੇਤਾ 23 ਫਰਵਰੀ ਨੂੰ ਆਗਰਾ ਆਏ ਸਨ। ਉਦੋਂ ਮਾਨਵ ਨਿਕੇਤਾ ਦੇ ਨਾਲ ਉਸਦੇ ਪੇਕੇ ਘਰ ਗਿਆ, ਜਿੱਥੇ ਕਥਿਤ ਤੌਰ ’ਤੇ ਉਸ ਦਾ ਨਿਰਾਦਰ ਕੀਤਾ ਗਿਆ। ਉਸ ਨੇ 24 ਫਰਵਰੀ ਨੂੰ ਸਵੇਰੇ 5 ਵਜੇ ਘਰ ਆ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਗੰਭੀਰ ਕਦਮ ਚੁੱਕਣ ਤੋਂ ਪਹਿਲਾਂ ਮਾਨਵ ਨੇ ਆਪਣੇ ਮੋਬਾਈਲ ਫੋਨ ’ਤੇ ਇਕ ਵੀਡੀਓ ਰਿਕਾਰਡ ਕੀਤੀ, ਜਿਸ ਵਿਚ ਉਸ ਦੀ ਪਤਨੀ ’ਤੇ ਉਸ ਦੀ ਮੌਤ ਦਾ ਦੋਸ਼ ਲਗਾਇਆ।
ਜਿਵੇਂ ਹੀ ਵੀਡੀਓ ਵਾਇਰਲ ਹੋਈ ਤਾਂ ਨਿਕੇਤਾ ਨੇ ਇੱਕ ਜਵਾਬੀ ਵੀਡੀਓ ਜਾਰੀ ਕੀਤੀ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਮਾਨਵ ਉਸ ਨਾਲ ਦੁਰਵਿਵਹਾਰ ਕਰਦਾ ਸੀ ਅਤੇ ਉਸ(ਮਾਨਵ) ਨੇ ਪਹਿਲਾਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਉਸਨੇ(ਨਿਕੇਤਾ) ਅਸਫ਼ਲ ਕਰ ਦਿੱਤਾ।
ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਵਿਨਾਇਕ ਭੋਸਲੇ ਨੇ ਕਿਹਾ ਕਿ ਮਾਨਵ ਦਾ ਪੋਸਟਮਾਰਟਮ 24 ਫਰਵਰੀ ਨੂੰ ਕੀਤਾ ਗਿਆ ਸੀ, ਪਰ ਉਸ ਸਮੇਂ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ। ਮਾਨਵ ਦੀ ਭੈਣ ਨੇ ਬਾਅਦ ਵਿਚ ਉਸ ਦੇ ਫੋਨ ’ਤੇ ਵੀਡੀਓ ਦੇਖੀ, ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ 9 ਦਸੰਬਰ 2024 ਨੂੰ ਬੰਗਲੂਰੂ ਵਿੱਚ ਅਤੁਲ ਸੁਭਾਸ਼ ਦੀ ਮੌਤ ਨਾਲ ਮਿਲਦੀ-ਜੁਲਦੀ ਹੈ। ਸੁਭਾਸ਼ ਨੇ ਵੀ ਆਪਣੀ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਦਾਅਵਾ ਕਰਦੇ ਹੋਏ ਇੱਕ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। –ਪੀਟੀਆਈ