ਨਵੀਂ ਦਿੱਲੀ: ਐਲਨ ਮਸਕ ਨੇ ਅੱਜ ਕਿਹਾ ਕਿ ਟਵਿੱਟਰ ਸੰਭਾਵੀ ਤੌਰ ’ਤੇ ਅਗਲੇ ਹਫ਼ਤੇ ਤੋਂ ‘ਵੈਰੀਫਾਈਡ’ (ਤਸਦੀਕਸ਼ੁਦਾ) ਸੇਵਾ ਮੁੜ ਸ਼ੁਰੂ ਕਰ ਦੇਵੇਗਾ ਅਤੇ ਸਾਰੇ ਤਸਦੀਕਸ਼ੁਦਾ ਖਾਤਿਆਂ ਦੀ ‘ਚਾਲੂ ਕਰਨ ਤੋਂ ਪਹਿਲਾਂ ਮੈਨੂਅਲੀ ਤਸਦੀਕ’ ਕੀਤੀ ਜਾਵੇਗੀ।’ ਇਸ ਤੋਂ ਪਹਿਲਾਂ ਟਵਿੱਟਰ ਦੇ ਨਵੇਂ ਮਾਲਕ ਨੇ 8 ਡਾਲਰ ਦੀ ਸਬਸਕ੍ਰਿਪਸ਼ਨ ਵਾਲੀ ਵੈਰੀਫਿਕੇਸ਼ਨ ਸੇਵਾ ’ਤੇ ਰੋਕ ਲਾ ਦਿੱਤੀ ਸੀ। ਮਸਕ ਨੇ ਕਿਹਾ ਕਿ ਉਹ 29 ਨਵੰਬਰ ਤੋਂ ਇਸ ਸੇਵਾ ਨੂੰ ‘ਵਧੇਰੇ ਮਜ਼ਬੂਤੀ’ ਨਾਲ ਲਾਂਚ ਕਰਨਗੇ। ਮਸਕ ਨੇ ਕਿਹਾ, ‘‘ਦੇਰੀ ਲਈ ਮੁਆਫ਼ੀ ਮੰਗਦਾ ਹਾਂ, ਅਸੀਂ ਸੰਭਾਵੀ ਤੌਰ ’ਤੇ ਅਗਲੇ ਹਫ਼ਤੇ ਤੋਂ ਵੈਰੀਫਾਈਡ ਸੇਵਾ ਸ਼ੁਰੂ ਕਰ ਦੇਵਾਂਗੇ।’’ ਮਸਕ ਨੇ ਕਿਹਾ, ‘‘ਕੰਪਨੀਆਂ ਲਈ ਗੋਲਡ ਚੈੱਕ, ਸਰਕਾਰ ਲਈ ਗ੍ਰੇਅ ਚੈੱਕ, ਵਿਅਕਤੀ ਵਿਸ਼ੇਸ਼ ਲਈ ਬਲੂ ਅਤੇ ਚੈੱਕ ਨੂੰ ਐਕਟੀਵੇਟ ਕਰਨ ਤੋਂ ਪਹਿਲਾਂ ਸਾਰੇ ਵੈਰੀਫਾਈਡ ਖਾਤਿਆਂ ਦੀ ਮੈਨੂਅਲੀ ਤਸਦੀਕ ਕੀਤੀ ਜਾਵੇਗੀ। ਪੀੜਾਦਾਇਕ ਹੈ, ਪਰ ਜ਼ਰੂਰੀ ਹੈ।’’ ਕਾਬਿਲੇਗੌਰ ਹੈ ਕਿ ਮਾਈਕਰੋ ਬਲੌਗਿੰਗ ਸਾਈਟ ਨੂੰ ਲੈ ਕੇ ਰੌਲਾ ਪਿਆ ਸੀ ਕਿ ਕੋਈ ਵੀ 8 ਡਾਲਰ ਦੀ ਫੀਸ ਅਦਾ ਕਰਕੇ ਬਲੂ ਟਿੱਕ ਲੈ ਸਕਦਾ ਹੈ। ਬਲੂ ਟਿੱਕ ਵਾਲੇ ਖਾਤੇ ਨੂੰ ਤਸਦੀਕਸ਼ੁਦਾ ਮੰਨਿਆ ਜਾਂਦਾ ਹੈ। ਨੁਕਤਾਚੀਨੀ ਮਗਰੋਂ ਟਵਿੱਟਰ ਨੇ ਬਲੂ ਟਿੱਕ ਸੇਵਾ ਰੋਕ ਦਿੱਤੀ ਸੀ। -ਆਈਏਐੱਨਐੱਸ
ਮਸਕ ਨੇ ਬਰੱਸਲਜ਼ ਵਿਚਲਾ ਦਫ਼ਤਰ ਬੰਦ ਕੀਤਾ
ਸਾਂ ਫਰਾਂਸਿਸਕੋ: ਐਲਨ ਮਸਕ ਦੀ ਮਾਲਕੀ ਵਾਲੇ ਟਵਿੱਟਰ ਨੇ ਯੂਰੋਪੀਅਨ ਯੂਨੀਅਨ ਵਿੱਚ ਪੈਂਦੇ ਬਰੱਸਲਜ਼ ਵਿਚਲੇ ਆਪਣੇ ਦਫ਼ਤਰ ਨੂੰ ਬੰਦ ਕਰ ਦਿੱਤਾ ਹੈ। ‘ਦਿ ਫਾਇਨਾਂਸ਼ੀਅਲ ਟਾਈਮਜ਼’ ਮੁਤਾਬਕ ਬਰੱਸਲਜ਼ ਵਿਚਲਾ ਦਫਤਰ ਯੂਰੋਪੀਅਨ ਯੂਨੀਅਨ ਡਿਜੀਟਲ ਪਾਲਿਸੀ ’ਤੇ ਕੇਂਦਰਤ ਹੋਣ ਕਰਕੇ ਯੂਰੋਪੀਅਨ ਕਮਿਸ਼ਨ ਨਾਲ ਨੇੇੜੇ ਹੋ ਕੇ ਕੰਮ ਕਰਦਾ ਹੈ। ਟਵਿੱਟਰ ਦੇ ਪਬਲਿਕ ਪਾਲਿਸੀ ਸਟਾਫ਼ਰ ਜੂਲੀਆ ਮੋਜ਼ਰ ਤੇ ਡਾਰੀਓ ਲਾ ਨਾਸਾ ਨੇ ਪਿਛਲੇ ਹਫ਼ਤੇ ਟਵਿੱਟਰ ਨੂੰ ਅਲਵਿਦਾ ਆਖ ਦਿੱਤੀ ਸੀ, ਜਿਸ ਕਰਕੇ ਬਰੱਸਲਜ਼ ਦਫ਼ਤਰ ਦਾ ਭੋਗ ਪੈ ਗਿਆ ਸੀ। ਮਸਕ ਨੇ ਪਿਛਲੇ ਹਫ਼ਤੇ ਬਰੱਸਲਜ਼ ਅਧਾਰਿਤ ਇਕ ਹੋਰ ਟਵਿੱਟਰ ਸਟਾਫ਼ਰ ਸਟੀਫਨ ਟਰਨਰ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਸੀ। -ਆਈਏਐੱਨਐੱਸ