ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਜਨਵਰੀ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਸੀਤ ਲਹਿਰ ਦਾ ਜ਼ੋਰ ਰਿਹਾ ਤੇ ਠੰਢੀਆਂ ਹਵਾਵਾਂ ਨੇ ਕੰਬਣੀ ਛੇੜੀ ਰੱਖੀ। ਟਰਾਈਸਿਟੀ ਵਿਚ ਅੱਜ ਕਿਤੇ ਕਿਤੇ ਹੀ ਧੁੱਪ ਨਿਕਲੀ ਤੇ ਜ਼ਿਆਦਾਤਰ ਸਮਾਂ ਬੱਦਲਵਾਈ ਰਹੀ ਤੇ ਸਾਰਾ ਖਿੱਤਾ ਧੁੰਦ ਦੀ ਬੁੱਕਲ ਵਿਚ ਲਪੇਟਿਆ ਰਿਹਾ। ਸਿਟੀ ਬਿਊਟੀਫੁੱਲ ਵਿੱਚ ਅੱਜ ਸਵੇਰ ਸੰਘਣੀ ਧੁੰਦ ਰਹੀ ਜਿਸ ਕਾਰਨ ਸੜਕਾਂ ’ਤੇ ਦਿਸਣਯੋਗਤਾ ਘੱਟ ਰਹੀ। ਇਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਸਮਾਂ 25 ਜਨਵਰੀ ਤਕ ਮੁੜ ਬਦਲ ਦਿੱਤਾ ਹੈ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਸਵੇਰੇ ਸਾਢੇ ਨੌਂ ਵਜੇ ਤੋਂ ਪਹਿਲਾਂ ਸਕੂਲ ਨਾ ਸੱਦਣ ਤੇ ਸਕੂਲਾਂ ਦੇ ਬੰਦ ਕਰਨ ਦਾ ਸਮਾਂ ਦੁਪਹਿਰ ਸਾਢੇ ਤਿੰਨ ਵਜੇ ਤੋਂ ਪਹਿਲਾਂ ਕਰਨਾ ਯਕੀਨੀ ਬਣਾਉਣ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਵਲੋਂ ਅੱਜ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਿੰਗਲ ਸ਼ਿਫ਼ਟ ਵਿਚ ਚਲਦੇ ਸਕੂਲ ਸਵੇਰ ਸਾਢੇ ਨੌਂ ਵਜੇ ਤੋਂ ਦੁਪਹਿਰ ਢਾਈ ਵਜੇ ਤਕ ਵਿਦਿਆਰਥੀਆਂ ਲਈ ਖੁੱਲ੍ਹਣਗੇ ਜਦਕਿ ਇਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਨੂੰ ਪੌਣੇ ਨੌਂ ਤੋਂ ਪੌਣੇ ਤਿੰਨ ਵਜੇ ਤਕ ਸੱਦਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਬਲ ਸ਼ਿਫਟ ਵਿਚ ਚਲਦੇ ਸਕੂਲ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਵੇਰ ਸਾਢੇ ਨੌਂ ਵਜੇ ਤੋਂ ਇਕ ਵਜੇ ਤਕ ਲੱਗਣਗੇ ਤੇ ਅਧਿਆਪਕਾਂ ਨੂੰ ਪੌਣੇ ਨੌਂ ਤੋਂ ਪੌਣੇ ਤਿੰਨ ਵਜੇ ਤਕ ਸੱਦਿਆ ਜਾਵੇ ਜਦਕਿ ਡਬਲ ਸ਼ਿਫਟ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਢੇ ਬਾਰਾਂ ਵਜੇ ਤੋਂ ਸਾਢੇ ਤਿੰਨ ਵਜੇ ਤਕ ਸਕੂਲ ਸੱਦਿਆ ਜਾਵੇ ਤੇ ਅਧਿਆਪਕਾਂ ਲਈ ਇਹ ਸਮਾਂ ਸਵੇਰ ਦਸ ਵਜੇ ਤੋਂ ਦੁਪਹਿਰ ਚਾਰ ਵਜੇ ਤਕ ਦਾ ਰੱਖਿਆ ਜਾਵੇ। ਸ੍ਰੀ ਬਰਾੜ ਨੇ ਦੱਸਿਆ ਕਿ ਪ੍ਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰ ਸਾਢੇ ਨੌਂ ਵਜੇ ਤੋਂ ਤਿੰਨ ਘੰਟੇ ਦਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀ ਬੋਰਡ ਜਮਾਤਾਂ ਦੀ ਪੜ੍ਹਾਈ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਸਵੇਰ ਨੌਂ ਵਜੇ ਵੀ ਸਕੂਲ ਸੱਦਿਆ ਜਾ ਸਕਦਾ ਹੈ। ਇਹ ਸਮਾਂ ਸਕੂਲਾਂ ਵਿਚ 20 ਤੋਂ 25 ਜਨਵਰੀ ਤਕ ਲਈ ਰਹੇਗਾ। ਜਾਣਕਾਰੀ ਅਨੁਸਾਰ ਇਥੇ ਸੰਘਣੀ ਧੁੰਦ ਨੇ ਸ਼ਹਿਰ ਵਾਸੀਆਂ ਦੇ ਕੰਮਾਂ ਦੀ ਰਫਤਾਰ ਨੂੰ ਬਰੇਕਾਂ ਲਾ ਦਿੱਤੀਆਂ ਤੇ ਲੋਕਾਂ ਨੇ ਅੱਜ ਘਰਾਂ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ।
ਅਗਲੇ ਪੰਜ ਦਿਨ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ
ਮੌਸਮ ਵਿਗਿਆਨੀਆਂ ਨੇ ਪੇਸ਼ੀਨਗੋਈ ਕੀਤੀ ਹੈ ਕਿ ਚੰਡੀਗੜ੍ਹ ਵਿਚ ਅਗਲੇ ਪੰਜ ਦਿਨ ਸੰਘਣੀ ਤੋਂ ਦਰਮਿਆਨੀ ਧੁੰਦ ਪਵੇਗੀ। ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 16.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 1.9 ਡਿਗਰੀ ਸੈਲਸੀਅਸ ਘੱਟ ਰਿਹਾ। ਇਸ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ 19, 20 ਤੇ 21 ਜਨਵਰੀ ਨੂੰ ਧੁੰਦ ਦੇ ਨਾਲ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਬੱਦਲਵਾਈ ਵੀ ਰਹੇਗੀ। ਹਾਲਾਂਕਿ 22 ਤੇ 23 ਜਨਵਰੀ ਨੂੰ ਹਲਕਾ ਮੀਂਹ ਪੈ ਸਕਦਾ ਹੈ।