ਜੰਮੂ, 19 ਜਨਵਰੀ
ਜੰਮੂ ਕਸ਼ਮੀਰ ਦੇ ਇੱਕ ਪਿੰਡ ਵਿੱਚ ਰਹੱਸਮਈ ਬਿਮਾਰੀ ਨਾਲ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਅੱਜ ਅੰਤਰ-ਮੰਤਰਾਲਾ ਦੀ ਇੱਕ ਉੱਚ ਪੱਧਰੀ ਟੀਮ ਰਾਜੌਰੀ ਜ਼ਿਲ੍ਹੇ ਵਿੱਚ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਅੱਜ ਇੱਕ ਹੋਰ ਵਿਅਕਤੀ ਦੀ ਮੌਤ ਗਈ। ਇਸ ਤਰ੍ਹਾਂ ਮ੍ਰਿਤਕਾਂ ਦੀ ਕੁੱਲ ਗਿਣਤੀ 17 ਹੋ ਗਈ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ਿਲ੍ਹੇ ਦੇ ਬਦਹਾਲ ਪਿੰਡ ਵਿੱਚ ਤਿੰਨ ਪਰਿਵਾਰਾਂ ਅੰਦਰ ਕੁੱਝ ਹੀ ਹਫ਼ਤਿਆਂ ਦੌਰਾਨ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਬੀਤੇ ਦਿਨ ਅੰਤਰ-ਮੰਤਰਾਲਾ ਟੀਮ ਦੇ ਗਠਨ ਦਾ ਹੁਕਮ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਹੰਮਦ ਅਸਲਮ ਦੇ ਛੇ ਬੱਚਿਆਂ ਵਿੱਚੋਂ ਆਖ਼ਰੀ ਯਾਸਮੀਨ ਕੌਸਰ ਨੇ ਜੰਮੂ ਦੇ ਐੱਸਐੱਮਜੀਸੀ ਹਸਪਤਾਲ ਵਿੱਚ ਇਲਾਜ ਦੌਰਾਨ ਅੱਜ ਸ਼ਾਮ ਨੂੰ ਦਮ ਤੋੜ ਦਿੱਤਾ। ਕੌਸਰ ਦੇ ਪੰਜ ਭੈਣ-ਭਰਾਵਾਂ ਤੇ ਦਾਦਾ-ਦਾਦੀ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਪਿੰਡ ਵਿੱਚ ਦੋ ਪਰਿਵਾਰਾਂ ਦੇ ਨੌਂ ਹੋਰ ਮੈਂਬਰਾਂ ਦੀ 7 ਤੋਂ 12 ਦਸੰਬਰ ਦਰਮਿਆਨ ਮੌਤ ਹੋ ਗਈ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਜੰਮੂ ਕਸ਼ਮੀਰ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। -ਪੀਟੀਆਈ