ਜੰਮੂ, 10 ਨਵੰਬਰ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ ਦੁਰਾਡੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਨਾਲ ਜਾਰੀ ਮੁਕਾਬਲੇ ਵਿਚ ਸੁਰੱਖਿਆ ਬਲਾਂ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲਾ ਅੱਜ ਸਵੇਰੇ 11 ਵਜੇ ਦੇ ਕਰੀਬ ਕੇਸਵਾਂ ਦੇ ਜੰਗਲਾਂ ਵਿਚ ਹੋਇਆ। ਜਾਣਕਾਰੀ ਅਨੁਸਾਰ ਫੌਜ ਤੇ ਪੁਲੀਸ ਦੀ ਸਾਂਝੀ ਟੀਮ ਨੇ ਜੰਗਲ ਵਿਚ ਤਲਾਸ਼ੀ ਮੁਹਿੰਮ ਵਿੱਢੀ ਸੀ ਤੇ ਇਸ ਦੌਰਾਨ ਉਥੇ ਲੁਕੇ ਦਹਿਸ਼ਤਗਰਦਾਂ ਨਾਲ ਟਾਕਰਾ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੋ ਵਿਲੇਜ ਡਿਫੈਂਸ ਗਾਰਡਾਂ (ਵੀਡੀਜੀ’ਜ਼) ਦੀ ਹੱਤਿਆ ਮਗਰੋਂ ਵੀਰਵਾਰ ਸ਼ਾਮ ਤੋਂ ਕੁੰਟਵਾੜਾ ਤੇ ਕੇਸਵਾਂ ਦੇ ਜੰਗਲਾਂ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਅਪਰੇਸ਼ਨ ਜਾਰੀ ਹੈ। ਪੁਲੀਸ ਦੇ ਤਰਜਮਾਨ ਨੇ ਕਿਹਾ, ‘‘ਕੇਸਵਾਂ-ਕਿਸ਼ਤਵਾੜ ਦਰਮਿਆਨ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਸੁਰੱਖਿਆ ਬਲਾਂ ਨੇ ਤਿੰਨ ਜਾਂ ਚਾਰ ਦਹਿਸ਼ਤਗਰਦਾਂ ਨੂੰ ਘੇਰਾ ਪਾਇਆ ਹੋਇਆ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਇਹ ਉਹੀ ਦਹਿਸ਼ਤਗਰਦ ਹਨ ਜਿਨ੍ਹਾਂ ਨੇ ਦੋ ਪਿੰਡ ਵਾਸੀਆਂ ਦੀ ਹੱਤਿਆ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਪਾਸਿਓਂ ਫਾਇਰਿੰਗ ਜਾਰੀ ਹੈ ਤੇ ਹੋਰ ਵੇਰਵਿਆਂ ਦੀ ਅਜੇ ਉਡੀਕ ਹੈ। ਪੀਟੀਆਈ