ਹਰਦੀਪ ਸਿੰਘ
ਧਰਮਕੋਟ 9 ਮਾਰਚ
ਥਾਰ ਜੀਪ ਅਤੇ ਐਕਟਿਵਾ ਸਕੂਟਰੀ ਦੀ ਆਹਮੋ-ਸਾਹਮਣੀ ਟੱਕਰ ’ਚ ਸਕੂਟਰੀ ਸਵਾਰ ਨੌਜਵਾਨ ਤੇ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਦੇਰ ਸ਼ਾਮ ਕੋਟ ਈਸੇ ਖਾਂ-ਜ਼ੀਰਾ ਮੁੱਖ ਸੜਕ ’ਤੇ ਛਾਬੜਾ ਮੈਰਿਜ ਪੈਲੇਸ ਨੇੜੇ ਵਾਪਰੀ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਸ਼ਨਾਖਤ ਨਹੀਂ ਸੀ ਹੋ ਸਕੀ। ਜਾਣਕਾਰੀ ਮੁਤਾਬਕ ਥਾਰ ਜੀਪ ਜ਼ੀਰਾ ਵੱਲੋਂ ਆ ਰਹੀ ਸੀ ਤੇ ਐਕਟਿਵਾ ਸਕੂਟਰੀ ਨੂੰ ਇਕ ਨੌਜਵਾਨ ਚਲਾ ਰਿਹਾ ਸੀ, ਜਿਸ ਦੇ ਪਿੱਛੇ ਇਕ ਔਰਤ ਬੈਠੀ ਹੋਈ ਸੀ। ਕੋਟ ਈਸੇ ਖਾਂ ਨੇੜੇ ਛਾਬੜਾ ਪੈਲੇਸ ਕੋਲ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ ਤੇ ਹਾਦਸੇ ’ਚ ਸਕੂਟਰੀ ਸਵਾਰ ਨੌਜਵਾਨ ਤੇ ਔਰਤ ਨੇ ਮੌਕੇ ’ਤੇ ਦਮ ਤੋੜ ਦਿੱਤਾ। ਘਟਨਾ ਮਗਰੋਂ ਥਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕੋਟ ਈਸੇ ਖਾਂ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕਾਂ ਦੀ ਸ਼ਨਾਖਤ ਲਈ ਕਾਰਵਾਈ ਆਰੰਭੀ।