ਸੰਜੀਵ ਬੱਬੀ
ਚਮਕੌਰ ਸਾਹਿਬ, 2 ਮਾਰਚ
ਚਮਕੌਰ ਸਾਹਿਬ ਪੁਲੀਸ ਵੱਲੋਂ ਨੇੜਲੇ ਪਿੰਡ ਦੇ ਇੱਕ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੀ ਸਕੂਲ ਪੜ੍ਹਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਸਬੰਧੀ 16 ਫਰਵਰੀ ਨੂੰ ਦਰਜ ਕੀਤੇ ਕੇਸ ਦੀਆਂ ਧਰਾਵਾਂ ਵਿੱਚ ਜਿੱਥੇ ਹੁਣ ਐਸਸੀ, ਐਸਟੀ ਐਕਟ ਧਾਰਾ ਦਾ ਵਾਧਾ ਕੀਤਾ ਗਿਆ ਹੈ, ਉੱਥੇ ਹੀ ਮੁਲਜ਼ਮ ਸਰਪੰਚ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਕਤ ਸਰਪੰਚ ਨੂੰ ਲੋੜੀਂਦਾ ਮੁਜਰਮ ਕਰਾਰ ਦਿੰਦਿਆਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪੁਲੀਸ ਥਾਣਿਆਂ ਨੂੰ ਪੱਤਰ ਭੇਜੇ ਹਨ। ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮ ਸਰਪੰਚ ਵਿਰੁੱਧ 16 ਫਰਵਰੀ ਨੂੰ ਕੀਤੇ ਗਏ ਦਰਜ ਕੇਸ ਦੀਆਂ ਧਰਾਵਾਂ ਵਿੱਚ ਐਸਸੀ ਐਸਟੀ ਐਕਟ ਦੀ ਧਾਰਾ ਦਾ ਵਾਧਾ ਦਰਜ ਕੀਤਾ ਗਿਆ ਹੈ , ਜਦੋਂ ਕਿ ਇੱਥੇ ਘੋੜੇ ਵਾਲੇ ਚੌਂਕ ਵਿੱਚ ਸ਼ੱਕੀ ਵਿਅਕਤੀਆਂ ਸਬੰਧੀ ਨਾਕੇਬੰਦੀ ਕਰਕੇ ਗਸ਼ਤ ਕਰ ਰਹੇ ਏਐਸਆਈ ਸੁਰਿੰਦਰ ਸਿੰਘ ਨੇ ਮੁਖਬਰ ਖਾਸ ਵੱਲੋਂ ਦਿੱਤੀ ਸੂਚਨਾ ਦੇ ਅਧਾਰ ’ਤੇ ਉਕਤ ਸਰਪੰਚ ਨੂੰ ਆਪਣੇ ਘਰ ਪਨਾਹ ਦੇ ਕੇ ਰੱਖਣ ਅਤੇ ਭੱਜਣ ਵਿੱਚ ਮਦਦ ਕਰਨ ਵਾਲੇ ਨਛੱਤਰ ਸਿੰਘ ਪੁੱਤਰ ਦਲੀਪ ਸਿੰਘ ਵਾਰਡ ਨੰਬਰ 9 ਮਹਿੰਦਰਾ ਕਲੋਨੀ ਖਮਾਣੋਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸਮੂਹ ਥਾਣਾ ਮੁਖੀਆਂ ਨੂੰ ਪੱਤਰ ਨੰਬਰ 340-5 ਏ ਜਾਰੀ ਕਰਕੇ ਮੁਲਜ਼ਮ ਸਰਪੰਚ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਣ ਤੇ ਡੀਐਸਪੀ ਚਮਕੌਰ ਸਾਹਿਬ ਅਤੇ ਥਾਣਾ ਮੁਖੀ ਨੂੰ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ।