ਗਗਨਦੀਪ ਅਰੋੜਾ
ਲੁਧਿਆਣਾ, 29 ਅਪਰੈਲ
ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਪੁਲੀਸ ਨੇ ਰੇਸਤਰਾਂ ਜਾਂ ਵਾਹਨਾਂ ਵਿੱਚ ਬੈਠ ਕੇ ਖੁੱਲ੍ਹੇਆਮ ਸ਼ਰਾਬ ਪੀਣ ਵਾਲਿਆਂ ਵਿਰੁੱਧ ਕੇਸ ਦਰਜ ਕੀਤੇ ਹਨ। ਇਸ ਕਾਰਵਾਈ ਦੀ ਅਗਵਾਈ ਖੁਦ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕੀਤੀ। ਪੁਲੀਸ ਨੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ। ਇੱਥੋਂ ਸੜਕਾਂ ਅਤੇ ਕਾਰਾਂ ਵਿੱਚ ਸ਼ਰਾਬ ਪੀਂਦੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਕਮਿਸ਼ਨਰ ਦੇ ਨਾਲ ਕਈ ਏਡੀਸੀਪੀ ਅਤੇ ਪੁਲੀਸ ਸਟੇਸ਼ਨ ਇੰਚਾਰਜ ਵੀ ਮੌਜੂਦ ਸਨ।
ਇਸ ਦੇ ਨਾਲ ਹੀ ਸ਼ਰਾਬੀਆਂ ਦੀ ਭੀੜ ਅਕਸਰ ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੀ ਦੁਕਾਨ ਦੇ ਨੇੜੇ ਇਕੱਠੀ ਹੋ ਜਾਂਦੀ ਹੈ। ਇੱਥੋਂ ਸ਼ਰਾਬ ਪੀਣ ਵਾਲੇ ਤਿੰਨ ਆਟੋ ਚਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਹ ਡਰਾਈਵਰ ਆਪਣੇ ਆਟੋ ਵਿੱਚ ਸ਼ਰਾਬ ਪੀ ਰਹੇ ਸਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹਿਰ ਦੇ ਕਈ ਹਿੱਸਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਲੋਕ ਦੇਰ ਰਾਤ ਤੱਕ ਕਾਰਾਂ ਵਿੱਚ ਬੈਠ ਕੇ ਸ਼ਰਾਬ ਪੀ ਕੇ ਹੰਗਾਮਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।ਪੁਲੀਸ ਥਾਣਾ ਕੋਤਵਾਲੀ ਦੀ ਪੁਲੀਸ ਨੇ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਖੁੱਲ੍ਹੇਆਮ ਸ਼ਰਾਬ ਪੀ ਰਹੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲੀਸ ਨੇ ਗਗਨ ਵਾਲੀਆ ਵਾਸੀ ਬੀਆਰਐਸ ਨਗਰ, ਅਮਿਤ ਵਾਸੀ ਮੁੰਡੀਆਂ ਖੁਰਦ, ਅਨਿਲ ਵਾਸੀ ਅੰਬੇਡਕਰ ਨਗਰ ਇਲਾਕਾ 33 ਫੁੱਟਾ ਗਿਆਸਪੁਰ, ਤਰੁਣ ਕੁਮਾਰ ਵਾਸੀ ਗਗਨ ਨਗਰ ਡਾਬਾ ਰੋਡ, ਰਾਹੁਲ ਵਾਸੀ ਪਿੰਡ ਢੰਢੇਰ ਖੁਰਦੜ ਵਾਸੀ ਢੱਡਰੀਆਂਵਾਲੇ ਖਿਲਾਫ਼ ਕੇਸ ਦਰਜ ਕੀਤਾ ਹੈ। ਟੈਗੋਰ ਨਗਰ ਵਿਚ ਰਹਿਣ ਵਾਲੇ ਰਾਜੇਸ਼ ਅਤੇ ਮੁਕੇਸ਼ ਕੁਮਾਰ ਸਾਰੇ ਕਾਂਗੜਾ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਫੋਕਲ ਪੁਆਇੰਟ ਥਾਣੇ ਨੇ ਯਾਰਡ ਚੌਕ ਵਾਸੀ ਵਿਨੋਦ ਕੁਮਾਰ ਅਤੇ ਬਾਬੂ ਰਾਮ ਉਰਫ ਛੋਟੂ, ਸਮਿੰਦਰ ਸਰਕਾਰ ਅਤੇ ਅਰੁਣ ਮਾਜੀ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਦੋਵੇਂ ਜਣੇ ਇਲਾਕੇ ਵਿੱਚ ਖੁੱਲ੍ਹੇਆਮ ਸ਼ਰਾਬ ਪੀ ਰਹੇ ਸਨ ਜਿਸ ਦੌਰਾਨ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
The post ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ’ਤੇ ਕੇਸ ਦਰਜ appeared first on Punjabi Tribune.