ਜਗਰਾਉਂ: ਅਰਸ਼ ਡਾਲਾ ਦੇ ਨਾਂ ’ਤੇ ਫਿਰੌਤੀ ਲੈਣ ਆਏ ਗੈਂਗਸਟਰਾਂ ਦਾ ਪੁਲੀਸ ਨਾਲ ਮੁਕਾਬਲਾ, ਗੋਲੀ ਲੱਗਣ ਕਾਰਨ ਜ਼ਖ਼ਮੀ ਮੁਲਜ਼ਮ ਹਸਪਤਾਲ ’ਚ ਦਾਖਲ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 27 ਜਨਵਰੀ

ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ’ਚ ਅਤਿਵਾਦੀ ਐਲਾਨੇ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਦੇ ਨਾਂ ’ਤੇ ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਲੈਣ ਆਏ ਦੋ ਨੌਜਵਾਨਾਂ ਦਾ ਇਥੇ ਪੁਲੀਸ ਨਾਲ ਮੁਕਾਬਲਾ ਹੋ ਗਿਆ। ਪੁਲੀਸ ਵੱਲੋਂ ਕੀਤੀ ਗੋਲੀਬਾਰੀ ‘ਚ ਮੋਟਰਸਾਈਕਲ ‘ਤੇ ਸਵਾਰ ਇਕ ਮੁਲਜ਼ਮ ਦੀ ਲੱਤ ‘ਚ ਗੋਲੀ ਵੱਜੀ ਹੈ, ਜਦਕਿ ਦੂਜਾ ਮੌਕੇ ਤੋਂ ਫ਼ਰਾਰ ਹੋ ਗਿਆ। ਇਥੋਂ ਦੀ ਨਹਿਰੂ ਮਾਰਕੀਟ ‘ਚ ਥੋਕ ਦੇ ਕਰਿਆਨਾ ਵਪਾਰੀ ਭਰਾਵਾਂ ਤੋਂ ਫੋਨ ‘ਤੇ ਅਰਸ਼ ਡਾਲਾ ਦੇ ਨਾਂ ‘ਤੇ 30 ਲੱਖ ਦੀ ਫਿਰੌਤੀ ਮੰਗੀ ਗਈ ਸੀ। ਕਈ ਵਾਰ ਫੋਨ ਆਉਣ ‘ਤੇ ਅਖੀਰ ਡੇਢ ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ। ਦੋਵੇਂ ਵਪਾਰੀ ਭਰਾਵਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ। ਫਿਰੌਤੀ ਦੀ ਰਕਮ ਦੇਣ ਲਈ ਮਿਥੀ ਥਾਂ ਪਿੰਡ ਕੋਠੇ ਖੰਜੂਰਾਂ ਬਾਈਪਾਸ ਤੋਂ ਹਾਈਵੇਅ ਨੂੰ ਜਾਂਦੀ ਸੜਕ ‘ਤੇ ਜਦੋਂ ਮੋਟਰਸਾਈਕਲ ਸਵਾਰ ਦੋਵੇਂ ਮੁਲਜ਼ਮ ਆਏ ਤਾਂ ਪੁਲੀਸ ਨੇ ਉਥੇ ਪਹਿਲਾਂ ਹੀ ਜਾਲ ਵਿਛਾਇਆ ਹੋਇਆ ਸੀ। ਸੀਆਈਏ ਸਟਾਫ਼ ਨੇ ਪੁਲੀਸ ਅਧਿਕਾਰੀ ਦੀ ਅਗਵਾਈ ਹੇਠ ਇਲਾਕੇ ਨਾਕਾਬੰਦੀ ‘ਚ ਕੀਤੀ ਹੋਈ ਸੀ, ਜਿਵੇਂ ਹੀ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀ ਫਿਰੌਤੀ ਦੀ ਰਕਮ ਲੈਣ ਆਏ ਤਾਂ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ। ਵੇਰਵਿਆਂ ਮੁਤਾਬਕ ਪੁਲੀਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀ ਚਲਾਈ ਅਤੇ ਜਵਾਬ ‘ਚ ਪੁਲੀਸ ਵੱਲੋਂ ਚਲਾਈ ਗੋਲੀ ਮੋਟਰਸਾਈਕਲ ਦੇ ਪਿੱਛੇ ਬੈਠੇ ਮੁਲਜ਼ਮ ਦੀ ਲੱਤ ‘ਚ ਲੱਗੀ ਅਤੇ ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਪਿਆ, ਜਿਸ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੋਟਰਸਾਈਕਲ ਚਲਾ ਰਿਹਾ ਦੂਜਾ ਮੁਲਜ਼ਮ ਭੱਜਣ ‘ਚ ਕਾਮਯਾਬ ਰਿਹਾ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਨੂੰ ਜਗਰਾਉਂ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ ਹੈ। ਪੁਲੀਸ ਅਧਿਕਾਰੀ ਹਾਲੇ ਇਸ ਮਾਮਲੇ ‘ਚ ਹੋਰ ਜਾਣਕਾਰੀ ਦੇਣ ਲਈ ਤਿਆਰ ਨਹੀਂ ਪਰ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ,ਜਿਸ ਮੁਲਜ਼ਮ ਦੀ ਲੱਤ ‘ਚ ਗੋਲੀ ਲੱਗੀ ਹੈ ਉਹ ਤਲਵੰਡੀ ਭਾਈ ਨੇੜਲੇ ਪਿੰਡ ਨਾਲ ਸਬੰਧਤ ਜਗਤਾਰ ਸਿੰਘ ਹੈ। ਉਸ ਤੋਂ ਪੁੱਛ ਪੜਤਾਲ ‘ਚ ਅਹਿਮ ਖੁਲਾਸੇ ਹੋਣਗੇ ਅਤੇ ਇਹ ਵੀ ਪਤਾ ਲੱਗ ਜਾਵੇਗਾ ਕਿ ਫਿਰੌਤੀਆਂ ਕੈਨੇਡਾ ਬੈਠੇ ਅਰਸ਼ ਡਾਲਾ ਵੱਲੋਂ ਮੰਗੀਆਂ ਜਾਂਦੀਆਂ ਹਨ ਜਾਂ ਕੁਝ ਲੋਕ ਆਪਣੇ ਪੱਧਰ ‘ਤੇ ਗੈਂਗਸਟਰਾਂ ਦਾ ਨਾਂ ਵਰਤ ਕੇ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਡਰਾ-ਧਮਕਾ ਕੇ ਫਿਰੌਤੀਆਂ ਵਸੂਲ ਰਹੇ ਹਨ। ਕੁੱਝ ਸਮੇਂ ਤੋਂ ਕਾਰੋਬਾਰੀਆਂ ਨੂੰ ਲਗਾਤਾਰ ਗੈਂਗਸਟਰਾਂ ਦੇ ਨਾਂ ‘ਤੇ ਫਿਰੌਤੀਆਂ ਲਈ ਫੋਨ ਕਾਲਾਂ ਆ ਰਹੀਆਂ ਹਨ। ਕੁਝ ਵਪਾਰੀ ਤਾਂ ਚੁੱਪ-ਚੁਪੀਤੇ ਫਿਰੌਤੀ ਦੀ ਰਕਮ ਦੇ ਵੀ ਚੁੱਕੇ ਹਨ। ਹਾਲ ਹੀ ਦੇ ਦਿਨਾਂ ‘ਚ ਜਗਰਾਉਂ ਦੇ ਘੱਟੋ-ਘੱਟ ਚਾਰ ਵਪਾਰੀਆਂ ਨੂੰ ਅਜਿਹੀਆਂ ਫੋਨ ਕਾਲਾਂ ਆਉਣ ਦੀ ਖ਼ਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਦਸਮੇਸ਼ ਨਗਰ ‘ਚ ਚਲਾਈ ਗਈ ਗੋਲੀ ਦਾ ਸਬੰਧ ਵੀ ਫਿਰੌਤੀ ਨਾਲ ਜੁੜਿਆ ਹੋਇਆ ਹੈ।





News Source link

- Advertisement -

More articles

- Advertisement -

Latest article