ਪੱਤਰ ਪ੍ਰੇਰਕ
ਮਾਛੀਵਾੜਾ, 5 ਮਾਰਚ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਾਲ ਸਬੰਧਿਤ ਆਗੂ ਅੱਜ ਵੱਡੀ ਗਿਣਤੀ ’ਚ ਕਿਸਾਨਾਂ ਨਾਲ ਚੰਡੀਗੜ੍ਹ ਧਰਨੇ ’ਤੇ ਜਾ ਰਹੇ ਸਨ, ਉਨ੍ਹਾਂ ਨੂੰ ਰਾਹ ਵਿੱਚ ਪੁਲੀਸ ਨੇ ਰੋਕ ਲਿਆ। ਇਸ ਸਬੰਧੀ ਗੁਰਵਿੰਦਰ ਸਿੰਘ ਕੂੰਮਕਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਉਹ ਆਪਣੀ ਜਥੇਬੰਦੀ ਦੇ ਕਿਸਾਨਾਂ ਨਾਲ ਚੰਡੀਗੜ੍ਹ ਧਰਨੇ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ-ਸਮਰਾਲਾ ਮਾਰਗ ’ਤੇ ਭਾਰੀ ਪੁਲਸ ਬਲ ਤਾਇਨਾਤ ਹੈ ਤੇ ਕਿਸੇ ਵੀ ਕਿਸਾਨ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਚੰਡੀਗੜ੍ਹ ਰੋਡ ’ਤੇ ਕੋਈ ਆਵਾਜਾਈ ਨਹੀਂ ਰੋਕੀ ਗਈ ਬਲਕਿ ਸੜਕ ਕਿਨਾਰੇ ਹੀ ਸ਼ਾਂਤਮਈ ਢੰਗ ਨਾਲ ਧਰਨਾ ਆਰੰਭਿਆ ਗਿਆ ਹੈ। ਕੂੰਮਕਲਾਂ ਨੇ ਕਿਹਾ ਕਿ ਉਹ ਚੰਡੀਗੜ੍ਹ ਜਾਣਾ ਚਾਹੁੰਦੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨੀ ਮੰਗਾਂ ਸਬੰਧੀ 12 ਨੁਕਾਤੀ ਪ੍ਰੋਗਰਾਮਾਂ ਲਈ ਸਹਿਮਤੀ ਪ੍ਰਗਟਾਈ ਸੀ, ਜਿਸ ਨੂੰ ਉਹ ਲਾਗੂ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਦਿੰਦਿਆਂ ਇਨ੍ਹਾਂ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ।
ਪਾਇਲ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਮੋਰਚੇ ਵੱਲ ਰਵਾਨਾ ਹੋ ਰਿਹਾ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦਾ ਕਾਫਲਾ ਅੱਜ ਪੁਲੀਸ ਨੇ ਰੋਕਾਂ ਲਾ ਕੇ ਧਮੋਟ ਕਲਾਂ ਦੀ ਦਾਣਾ ਮੰਡੀ ਵਿੱਚ ਰੋਕ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾਈ ਕਮੇਟੀ ਦੀ ਹਦਾਇਤ ਮੁਤਾਬਕ ਕਿਸਾਨਾਂ ਨੇ ਲੋਕਾਂ ਨੂੰ ਕੋਈ ਆਵਾਜਾਈ ਵਿੱਚ ਦਿੱਕਤ ਨਾ ਆਵੇ ਨੂੰ ਮੁੱਖ ਰੱਖਦਿਆਂ ਸੜਕ ਕਿਨਾਰੇ ਮੰਡੀ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਆਪਣਾ ਲੰਗਰ ਦਾਣਾ ਮੰਡੀ ਵਿੱਚ ਬਣਾਉਣਾ ਸ਼ੁਰੂ ਕਰ ਕੇ ਰੈਲੀ ਸ਼ੁਰੂ ਕਰ ਦਿੱਤੀ।
ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਜਾਬਰ ਰਵੱਈਏ ਦੀ ਨਿੰਦਾ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਖਮਿਆਜਾ ਭੁਗਤਣ ਦੀ ਚਿਤਾਵਨੀ ਦਿੱਤੀ। ਕਿਸਾਨਾਂ ਨੇ ਸੂਬਾ ਕਮੇਟੀ ਦੀਆਂ ਅਗਲੀਆਂ ਹਦਾਇਤਾਂ ਮੁਤਾਬਕ ਦਿਨ ਰਾਤ ਦਾ ਧਰਨਾ ਧਮੋਟ ਮੰਡੀ ਵਿੱਚ ਜਾਰੀ ਰੱਖਣ ਦਾ ਅਹਿਦ ਲਿਆ। ਅੱਜ ਦੇ ਧਰਨੇ ਨੂੰ ਚਰਨ ਸਿੰਘ ਨੂਰਪੁਰਾ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਜਸਵੰਤ ਸਿੰਘ ਭੱਟੀਆ, ਅਮਰੀਕ ਸਿੰਘ ਭੂੰਦੜੀ, ਪਰਮਵੀਰ ਸਿੰਘ ਘਲੋਟੀ, ਕੁਲਵੀਰ ਸਿੰਘ, ਰਾਜਪਾਲ ਸਿੰਘ ਦੁਧਾਲ, ਲਖਵਿੰਦਰ ਸਿੰਘ ਉਕਸੀ ਤੇ ਹੋਰਨਾਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਰਮਨਦੀਪ ਸਿੰਘ ਘਲੋਟੀ ਨੇ ਬਾਖੂਬੀ ਨਿਭਾਈ।
ਸਮਰਾਲਾ (ਪੱਤਰ ਪ੍ਰੇਰਕ): ਪੁਲੀਸ ਚੌਕੀ ਹੇਡੋਂ ਨੇੜੇ ਪੁਲੀਸ ਕਰਮਚਾਰੀਆਂ ਵੱਲੋਂ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਧਰਨੇ ਨੂੰ ਰੋਕਣ ਲਈ ਸਖ਼ਤ ਨਾਕਾਬੰਦੀ ਕੀਤੀ ਗਈ। ਇਹ ਕਿਸਾਨ ਸਵੇਰ ਤੋਂ ਹੀ ਟਰੈਕਟਰ ਟਰਾਲੀਆਂ ਅਤੇ ਹੋਰ ਕਈ ਵਾਹਨਾਂ ਰਾਹੀਂ ਚੰਡੀਗੜ੍ਹ ਵੱਲ ਕੂਚ ਕਰ ਰਹੇ ਸਨ। ਜਦੋਂ ਪੁਲਿਸ ਵੱਲੋਂ ਇਨ੍ਹਾਂ ਨੂੰ ਏਥੇ ਰੋਕਿਆ ਗਿਆ ਤਾਂ ਇਕੱਤਰ ਹੋਏ 300 ਦੇ ਕਰੀਬ ਕਿਸਾਨਾਂ ਨੇ ਇਥੇ ਹੀ ਧਰਨਾ ਲਗਾ ਦਿੱਤਾ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਇਹ ਧਰਨਾਂ ਜਾਰੀ ਰੱਖਿਆ ਗਿਆ ਸੀ ਕਿਸਾਨਾਂ ਵੱਲੋਂ ਧਰਨੇ ਉਪਰ ਹੀ ਖਾਣਪੀਣ ਦਾ ਪ੍ਰਬੰਧ ਕਰਕੇ ਲੰਗਰ ਲਗਾ ਲਏ ਸਨ।