ਦੇਹਰਾਦੂਨ, 16 ਮਈ
ਉੱਤਰਾਖੰਡ ਸਰਕਾਰ ਨੇ ਅੱਜ ਚਾਰਧਾਮ ਕੇਦਾਰਨਾਥ, ਯਮਨੋਤਰੀ, ਬਦਰੀਨਾਥ ਅਤੇ ਗੰਗੋਤਰੀ ਦੇ ਦਰਸ਼ਨਾਂ ਲਈ 31 ਮਈ ਤੱਕ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਹ ਫ਼ੈਸਲਾ ਹਿਮਾਲਿਆ ਪਹਾੜੀਆਂ ’ਚ ਸਥਿਤ ਮੰਦਰਾਂ ’ਚ ਸ਼ਰਧਾਲੂਆਂ ਦੇ ਜ਼ਿਆਦਾ ਭੀੜ ਹੋਣ ਕਾਰਨ ਲਿਆ ਹੈ। ਮੁੱਖ ਸਕੱਤਰ ਰਾਧਾ ਰਤੂਰੀ ਨੇ ਗੁਆਂਢੀ ਸੂਬਿਆਂ ਦੇ ਆਪਣੇ ਹਮਰੁਤਬਾਵਾਂ ਨੂੰ ਭੇਜੇ ਪੱਤਰ ’ਚ ਕਿਹਾ ਕਿ 31 ਮਈ ਤੱਕ ਚਾਰਧਾਮ ਦੇ ਦਰਸ਼ਨਾਂ ਲਈ ਕੋਈ ਪ੍ਰਬੰਧ ਨਹੀਂ ਹੋਵੇਗਾ ਅਤੇ ਹਰਿਦੁਆਰ ਅਤੇ ਰਿਸ਼ੀਕੇਸ਼ ਵਿਖੇ ਆਫਲਾਈਨ ਰਜਿਸਟਰੇਸ਼ਨ 19 ਮਈ ਤੱਕ ਬੰਦ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੰਦਰਾਂ ਦੇ 50 ਮੀਟਰ ਦੇ ਘੇਰੇ ’ਚ ਵੀਡੀਓਗ੍ਰਾਫ਼ੀ ਤੇ ਸੋਸ਼ਲ ਮੀਡੀਆ ਰੀਲਾਂ ਬਣਾਉਣ ’ਤੇ ਪਾਬੰਦੀ ਹੋਵੇਗੀ। -ਪੀਟੀਆਈ