ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੁਲਾਈ
ਘੱਗਰ ਦਰਿਆ ਵਿਚੋਂ ਬਨੂੜ ਕੈਨਾਲ ਦੇ ਡੈਮ ਅਤੇ ਰਾਮਪੁਰ ਕਲਾਂ ਪਿੰਡ ਦੇ ਦਰਿਆ ਅਧੀਨ ਆਉਂਦੇ ਖੇਤਰ ਵਿੱਚ ਕਈ ਮਹੀਨਿਆਂ ਤੋਂ ਹੋ ਰਹੀ ਡੀਸਿਲਟਿੰਗ ਵਿਵਾਦਾਂ ਵਿੱਚ ਘਿਰ ਗਈ ਹੈ। ਇੱਥੋਂ ਪੋਕਲੇਨ ਅਤੇ ਹੋਰ ਮਸ਼ੀਨਾਂ ਰਾਹੀਂ ਦਰਜਨਾਂ ਟਿੱਪਰ ਦਿਨ-ਰਾਤ ਮਿੱਟੀ-ਰੇਤਾ ਚੁੱਕਣ ’ਤੇ ਲੱਗੇ ਹੋਏ ਹਨ। ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਡੀਸਿਲਟਿੰਗ ਨੂੰ ਨਾਜਾਇਜ਼ ਖਣਨ ਦੱਸਦਿਆਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸਬੰਧਤ ਖੇਤਰ ਦੇ ਕਿਸਾਨਾਂ ਨੇ ਓਵਰਲੋਡ ਟਿੱਪਰਾਂ ਨਾਲ ਖੇਤਾਂ ਦੇ ਰਸਤੇ ਖ਼ਰਾਬ ਹੋਣ ਦਾ ਦੋਸ਼ ਵੀ ਲਾਇਆ ਹੈ।
ਰਾਮਪੁਰ ਕਲਾਂ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ, ਸਲਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਨੇੜਿਓਂ ਲੰਘਦੇ ਘੱਗਰ ਦਰਿਆ ਵਿੱਚ ਕਈ ਮਹੀਨਿਆਂ ਤੋਂ ਸਫ਼ਾਈ ਦੇ ਨਾਮ ’ਤੇ ਪੋਕਲੈਨ ਮਸ਼ੀਨਾਂ ਨਾਲ ਖਣਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਕਾਰਨ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਖ਼ਰਾਬ ਹੋ ਗਏ ਹਨ।
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਘੱਗਰ ਦੀ ਸਫ਼ਾਈ ਦੇ ਨਾਮ ਉੱਤੇ ਨਜਾਇਜ਼ ਖਣਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚ ਪਹਿਲੀ ਜੁਲਾਈ ਤੋਂ ਤੀਹ ਸਤੰਬਰ ਤੱਕ ਖਣਨ ਨਾ ਕਰਨ ਦੇ ਕਾਨੂੰਨਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਹੁੰਦੀ ਖਣਨ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਡੀਸਿਲਟਿੰਗ ਦੇ ਟੈਂਡਰਾਂ ਉੱਤੇ ਵੀ ਸਵਾਲ ਚੁੱਕੇ।
ਕੰਮ ਨਿਯਮਾਂ ਅਨੁਸਾਰ ਹੋ ਰਿਹੈ: ਐਕਸੀਅਨ
ਖਣਨ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਗਰਚਾ ਨੇ ਕਿਹਾ ਕਿ ਸਾਰਾ ਕੁੱਝ ਨਿਯਮਾਂ ਅਨੁਸਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਘੱਗਰ ਵਿੱਚ ਆਏ ਰਿਕਾਰਡ ਪਾਣੀ ਕਾਰਨ ਬਨੂੜ ਕੈਨਾਲ ਦੇ ਡੈਮ ਅਤੇ ਹੋਰ ਥਾਵਾਂ ਉੱਤੇ ਵੱਡੀ ਮਾਤਰਾ ਵਿੱਚ ਗੰਦਗੀ ਅਤੇ ਮਿੱਟੀ ਇਕੱਤਰ ਹੋ ਗਈ ਸੀ। ਘੱਗਰ ਦਰਿਆ ਦੀਆਂ ਇਨ੍ਹਾਂ ਥਾਵਾਂ ਦੀ ਸਫ਼ਾਈ ਲਈ ਉੱਚ ਪੱਧਰੀ ਕਮੇਟੀ ਦੀ ਸਿਫ਼ਾਰਸ਼ ਉੱਤੇ ਟੈਂਡਰਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਨ ਵਾਲੀ ਕੰਪਨੀ ਵਿਭਾਗ ਨੂੰ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਅਦਾਇਗੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਿਨ-ਰਾਤ ਖਣਨ ਕਰ ਸਕਦੀ ਹੈ, ਪੋਕਲੇਨ ਦੀ ਖੁੱਲ੍ਹ ਹੈ ਅਤੇ ਰੇਤਾ-ਮਿੱਟੀ ਜਿੱਥੇ ਮਰਜ਼ੀ ਵੇਚ ਵੀ ਸਕਦੀ ਹੈ।