ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 23 ਫਰਵਰੀ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ ਪੀਣਯੋਗ ਪਾਣੀ ਵਾਲੀ ਗੰਗਾ ਅੱਜ ਸਰਕਾਰ ਦੀ ਅਣਗਹਿਲੀ ਕਾਰਨ ਦੂਸ਼ਿਤ ਹੋ ਗਈ ਹੈ। ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਸੀਵਰੇਜ ਤੇ ਫੈਕਟਰੀਆਂ ਦਾ ਗੰਧਲਾ ਪਾਣੀ ਗੰਗਾ ਵਿੱਚ ਪੈ ਰਿਹਾ ਹੈ ਜਿਸ ਲਈ ਹੁਕਮਰਾਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਸੰਸਦ ਮੈਂਬਰ ਹਨ। ਗੰਗਾ ਵਾਰਾਨਸੀ ਦੇ ਬਿਲਕੁਲ ਨਾਲ ਦੀ ਲੰਘਦੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾ ਸਰਕਾਰ ਹੈ। ਅਜਿਹੀਆਂ ਨਦੀਆਂ ਤੇ ਦਰਿਆਵਾਂ ਦਾ ਪਾਣੀ ਸਾਫ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਪਰ ਨਾ ਤਾਂ ਕੇਂਦਰ ਸਰਕਾਰ ਇਹ ਜ਼ਿੰਮੇਵਾਰੀ ਨਿਭਾਅ ਰਹੀ ਹੈ ਅਤੇ ਨਾ ਹੀ ਯੋਗੀ ਆਦਿਤਿਆਨਾਥ ਦੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਜਾ ਰਹੀ ਹੈ।