ਗਗਨਦੀਪ ਅਰੋੜਾ
ਲੁਧਿਆਣਾ, 3 ਮਈ
ਹੰਬੜਾ ਰੋਡ ’ਤੇ ਸਥਿਤ ਪਿੰਡ ਬੱਗਾ ਕਲਾਂ ਵਿੱਚ ਅੱਜ ਸਵੇਰੇ ਪੁਲੀਸ ਤੇ ਗੈਂਗਸਟਰ ਵਿਚਾਲੇ ਦੁਵੱਲੀ ਗੋਲੀਬਾਰੀ ਹੋਈ ਜਿਸ ਵਿੱਚ ਪੁਲੀਸ ਮੁਲਾਜ਼ਮ ਵਾਲ-ਵਾਲ ਬੱਚ ਗਿਆ। ਜਦੋਂ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਗੰਭੀਰ ਫੱਟੜ ਹੋ ਗਿਆ। ਫੱਟੜ ਹੋਏ ਗੈਂਗਸਟਰ ਦੀ ਪਛਾਣ ਸੂਰਜ ਵਜੋਂ ਹੋਈ ਹੈ। ਗੈਂਗਸਟਰ ਸੂਰਜ ਨੂੰ ਪੁਲੀਸ ਨੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ 1.32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੁਝ ਸਮਾਂ ਪਹਿਲਾਂ ਟਿੱਬਾ ਰੋਡ ਇਲਾਕੇ ਵਿੱਚ ਲੜਾਈ ਕੀਤੀ ਸੀ। ਜਦੋਂ ਪੀਸੀਆਰ ਮੁਲਾਜ਼ਮ ਘਟਨਾ ਵਾਲੀ ਥਾਂ ’ਤੇ ਗਏ, ਤਾਂ ਮੁਲਜ਼ਮਾਂ ਨੇ ਪੀਸੀਆਰ ਮੁਲਾਜ਼ਮਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ, ਮੁਲਾਜ਼ਮ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਸੁਭਾਸ਼ ਨਗਰ ਇਲਾਕੇ ਵਿੱਚ ਵੀ ਗੋਲੀਆਂ ਚਲਾਈਆਂ ਸਨ ਜਿਸ ਤੋਂ ਬਾਅਦ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਸੀ। ਪੁਲੀਸ ਇਸ ਮਾਮਲੇ ਵਿੱਚ ਮਨੀਸ਼, ਦੀਪਕ, ਸ਼ਿਵਮ ਅਤੇ ਬਬਲੂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂ ਕਿ ਇੱਕ ਟੀਮ ਨੇ ਮੁਲਜ਼ਮ ਸੂਰਜ ਨੂੰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਦੱਸਿਆ ਸੀ ਕਿ ਉਸ ਨੇ ਬੱਗਾ ਕਲਾਂ ਇਲਾਕੇ ਵਿੱਚ ਹਥਿਆਰ ਲੁਕਾਏ ਹੋਏ ਸਨ। ਪੁਲੀਸ ਦੀ ਇੱਕ ਟੀਮ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਜਿਵੇਂ ਹੀ ਮੁਲਜ਼ਮ ਨੇ ਆਪਣਾ ਹਥਿਆਰ ਕੱਢਿਆ, ਉਸਨੇ ਅਚਾਨਕ ਪੁਲੀਸ ਮੁਲਾਜ਼ਮਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਕ ਗੋਲੀ ਮੁਲਾਜ਼ਮ ਦੀ ਪੱਗ ਵਿੱਚੋਂ ਲੰਘ ਗਈ ਅਤੇ ਉਹ ਵਾਲ-ਵਾਲ ਬਚ ਗਿਆ। ਜਦੋਂ ਮੁਲਜ਼ਮ ਉੱਥੋਂ ਭੱਜਣ ਲੱਗੇ ਤਾਂ ਪੁਲੀਸ ਨੇ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰ ਕੇ ਹਥਿਆਰ ਬਰਾਮਦ ਕਰ ਲਿਆ ਗਿਆ।