ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜਨਵਰੀ
ਇਥੇ ਗਣਤੰਤਰ ਦਿਵਸ ਸਮਾਗਮ ਦੌਰਾਨ ਪੁਲੀਸ ਵੱਲੋਂ ਡੀਸੀ ਦਫ਼ਤਰ ਮੁਲਾਜ਼ਮਾਂ ਨਾਲ ਕਥਿਤ ਬਦਸਲੂਕੀ ਦਾ ਮੁੱਦਾ ਭਖ਼ ਗਿਆ ਹੈ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਇਸ ਸਬੰਧੀ ’ਚ ਇਥੇ ਪ੍ਰਦਰਸ਼ਨ ਕਰਨ ਮਗਰੋਂ ਡੀਸੀ ਵਿਸ਼ੇਸ਼ ਸਾਰੰਗਲ ਨੂੰ ਮਿਲ ਕੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ। ਪ੍ਰਦਰਸ਼ਨ ਮੌਕੇ ਸੁਪਰਡੈਂਟ ਹਰਮੀਤ ਸਿੰਘ ਗਿੱਲ, ਜਥੇਬੰਦੀ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਸਿੱਧੂ, ਜਨਰਲ ਸਕੱਤਰ ਸੰਦੀਪ ਕੁਮਾਰ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਲੋਪੋ ਤੇ ਕੁਲਦੀਪ ਸਿੰਘ ਘਾਲੀ ਮੌਜੂਦ ਸਨ।
ਡੀਸੀ ਦਫ਼ਤਰ ਮੁਲਾਜ਼ਮਾਂ ਨੇ ਪੁਲੀਸ ’ਤੇ ਸੁਪਰਡੈਂਟ ਅਤੇ ਹੋਰਾਂ ਨਾਲ ਮਾੜੀ ਸ਼ਬਦਾਵਲੀ ਵਰਤਣ ਤੇ ਬਦਸਲੂਕੀ ਦਾ ਦੋਸ਼ ਲਾਇਆ ਹੈ। ਸੁਪਰਡੈਂਟ ਪਰਵੀਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਦੇ ਦਫ਼ਤਰ ਦੀ ਮਹਿਲਾ ਮੁਲਾਜ਼ਮ ਦੇ ਵਾਲਾਂ ’ਤੇ ਪਹਿਨਿਆ ਕਾਲਾ ਰਬੜ ਬੈਂਡ ਉਤਰਵਾ ਦਿੱਤਾ ਤੇ ਉਨ੍ਹਾਂ ਵੱਲੋਂ ਪਹਿਨੀ ਕਾਲੀ ਕੋਟੀ ਕਾਰਨ ਮਾੜੀ ਸ਼ਬਦਾਵਾਲੀ ਵਰਤੀ ਗਈ। ਉਨ੍ਹਾਂ ਮੁਤਾਬਕ ਪੁਲੀਸ ਅਧਿਕਾਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਪਰੋਂ ਹਦਾਇਤਾਂ ਹਨ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਕਾਲੀ ਵਸਤੂ ਪਹਿਨ ਕੇ ਸਮਾਗਮ ’ਚ ਜਾਣ ਦੀ ਮਨਾਹੀ ਹੈ। ਯੂਨੀਅਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ।
ਪੁਲੀਸ ਨੇ ਦੋਸ਼ ਨਕਾਰੇ
ਐੱਸਪੀ (ਸਥਾਨਕ) ਗੁਰਸ਼ਰਨਜੀਤ ਸਿੰਘ ਸੰਧੂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਬੜਾ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। ਡੀਸੀ ਦਫ਼ਤਰ ਮੁਲਾਜ਼ਮਾਂ ਵੱਲੋਂ ਲਾਏ ਬਦਸਲੂਕੀ ਜਾਂ ਬਹਿਸ ਦੇ ਦੋਸ਼ ਸੁਣ ਕੇ ਉਨ੍ਹਾਂ ਨੂੰ ਹੈਰਾਨੀ ਹੋਈ ਹੈ। ਉਥੇ ਅਜਿਹੀ ਕੋਈ ਗੱਲ ਨਹੀਂ ਹੋਈ।