ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜਨਵਰੀ
ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਡੀਏ ਵਿੱਚ ਵਾਧੇ ਨੂੰ ਅੱਧ ਅਧੂਰਾ ਗਰਦਾਨਦਿਆਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੌਰਾਨ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਸੰਘਰਸ਼ਸੀਲ ਅਧਿਆਪਕਾਂ ਦਾ ਦਾਅਵਾ ਹੈ ਕਿ ਪਿਛਲੇ ਦਿਨੀਂ ਮੀਟਿੰਗਾਂ ਵਿੱਚ ਸਬ ਕਮੇਟੀ ਤੇ ਸਿੱਖਿਆ ਮੰਤਰੀ ਨਾਲ ਬਣੀ ਸਹਿਮਤੀ ਮਗਰੋਂ ਸਭ ਕੁੱਝ ਉਲਟ ਫੇਰ ਕਰਨਾ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ। ਅੱਜ ਕੰਪਿਊਟਰ ਅਧਿਆਪਕਾ ਨੇ ਸੰਗਰੂਰ ਧਰਨੇ ਵਾਲੇ ਸਥਾਨ ਤੋਂ ਲਾਲ ਬੱਤੀ ਚੋਕ ਤੱਕ ਰੋਸ ਮਾਰਚ ਕੀਤਾ ਅਤੇ ਵਿੱਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਡੀਏ ਦੀਆਂ ਕਾਪੀਆਂ ਸਾੜੀਆਂ। ਇਸ ਰੋਸ ਪ੍ਰਦਰਸ਼ਨ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਪਰਦੀਪ ਕੁਮਾਰ ਬੱਬੇਹਾਲੀ, ਰਘਬੀਰ ਸਿੰਘ, ਗੁਰਦੀਪ ਚੰਦ, ਰਮਨ ਵਸ਼ਿਸ਼ਟ, ਬਲਜੀਤ ਸਿੰਘ, ਭੁਪਿੰਦਰ ਸਿੰਘ ਨਵਾਂਸ਼ਹਿਰ ਅਤੇ ਜ਼ਿਲ੍ਹਾ ਸੰਗਰੂਰ ਤੋਂ ਨਰਦੀਪ ਸ਼ਰਮਾ, ਤੇਜਿੰਦਰ ਬਾਂਸਲ, ਹਰਵਿੰਦਰ ਸਿੰਘ, ਰਾਜਪਾਲ ਸਿੰਘ, ਹਰਪ੍ਰੀਤ ਸਿੰਘ, ਪੁਸ਼ਪਿੰਦਰ ਰਤਨ, ਜਸਬੀਰ ਸਿੰਘ, ਸੁਮਿੱਤ ਖੁਰਾਣਾ ਨੇ ਕਿਹਾ ਜੋ ਵਿੱਤ ਅਤੇ ਸਿੱਖਿਆ ਵਿਭਾਗ ਨਾਲ ਸਹਿਮਤੀ ਬਣੀ ਸੀ ਉਸ ਅਨੁਸਾਰ ਕੰਪਿਊਟਰ ਅਧਿਆਪਕਾਂ ਤੇ ਅਣ-ਰਿਵਾਈਜਡ ਫਾਰਮੂਲੇ ਤਹਿਤ ਸਟੇਟ ਨਾਲ ਜੋੜ ਕੇ ਡੀਏ ਜਾਰੀ ਕਰਨ ’ਤੇ ਸਹਿਮਤੀ ਬਣੀ ਸੀ ਪਰ ਅੱਜ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋ ਫਰੀਜ ਡੀਏ ਵਿੱਚ ਨਿਗੂਣਾ ਵਾਧਾ ਕਰਕੇ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਨਿਰਾਸ਼ ਕੀਤਾ ਗਿਆ ਹੈ। ਇਸ ਨਾਲ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਹੈ।
ਉਧਰ, ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਕੰਪਿਊਟਰ ਅਧਿਆਪਕਾਂ ਦੀ ਭੁੱਖ ਹੜਤਾਲ 142ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਅਤੇ ਰਣਜੀਤ ਸਿੰਘ ਦਾ ਮਰਨ ਵਰਤ 18ਵੇ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਹੈ।
ਮੀਟਿੰਗਾਂ ਦਾ ਸਿੱਟਾ ਜ਼ੀਰੋ ਰਹਿਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਕੰਪਿਊਟਰ ਅਧਿਆਪਕਾਂ ਨੂੰ ਇਸ ਗੱਲ ਦਾ ਵੱਡਾ ਝੋਰਾ ਸੀ ਕਿ ਆਖਿਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ 50 ਤੋਂ ਵੱਧ ਮੀਟਿੰਗਾਂ ਦਾ ਸਿੱਟਾ ਜ਼ੀਰੋ ਕਿਉਂ ਹੋ ਕੇ ਰਹਿ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।