ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਭਾਜਪਾ ਦੇ ਕੌਮੀ ਸਕੱਤਰ ਤੇ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਭਾਜਪਾ ਸਰਕਾਰ ਬਣਨ ਮਗਰੋਂ ਉਹ ਯਕੀਨੀ ਬਣਾਉਣਗੇ ਕਿ ਰਾਜੌਰੀ ਗਾਰਡਨ ਹਲਕੇ ਦੀ ਹਰ ਯੋਗ ਮਹਿਲਾ ਨੂੰ ‘ਮਹਿਲਾ ਸਮ੍ਰਿਧੀ ਯੋਜਨਾ’ ਦਾ ਲਾਭ ਮਿਲੇ। ਇਸ ਯੋਜਨਾ ਤਹਿਤ ਹਰ ਔਰਤ ਨੂੰ 2500 ਰੁਪਏ ਪ੍ਰਤੀ ਮਹੀਨਾ ਨਗਦ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭਾਜਪਾ ਉਮੀਦਵਾਰ ਨੇ ਅੱਜ ਬੁੱਧ ਬਾਜ਼ਾਰ ਚੌਖੰਡੀ ਅਤੇ ਵਿਸ਼ਨੂੰ ਗਾਰਡਨ ਵਿੱਚ ਪਦ ਯਾਤਰਾ ਅਤੇ ਦਰਜਨਾਂ ਚੋਣ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਇਹ ਗੱਲ ਆਖੀ।
ਇਥੇ ਹਲਕੇ ਦੀਆਂ ਮਹਿਲਾ ਵੋਟਰਾਂ ਨਾਲ ਸੰਵਾਦ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਡੇ ਫਰਾਡ ਹਨ ਜਿਨ੍ਹਾਂ ਨੇ ਪਹਿਲਾਂ ਦਿੱਲੀ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ। ਫਿਰ ਪੰਜਾਬ ਦੀਆਂ ਔਰਤਾਂ ਨੂੰ 11-11 ਸੌ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਤੇ ਫਿਰ ਦਿੱਲੀ ਦੀਆਂ ਔਰਤਾਂ ਲਈ 21-21 ਸੌ ਰੁਪਏ ਦੇਣ ਦਾ ਐਲਾਨ ਕੀਤਾ ਪਰ ਕਿਸੇ ਨੂੰ ਇੱਕ ਫੁੱਟੀ ਕੌਡੀ ਤੱਕ ਨਹੀਂ ਮਿਲੀ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਔਰਤਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਚੋਣਾਂ ਵੇਲੇ ਉਨ੍ਹਾਂ ਨੇ ਔਰਤਾਂ ਦੇ ਫਰਜ਼ੀ ਫਾਰਮ ਭਰਵਾਏ, ਇਸੇ ਤਰੀਕੇ ਦਿੱਲੀ ਚੋਣਾਂ ਵਿਚ ਵੀ ਫਾਰਮ ਭਰਵਾਏ ਗਏ ਤੇ ਔਰਤਾਂ ਨੂੰ ਗੁੰਮਰਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ਦੀਆਂ ਔਰਤਾਂ ਹੁਣ ਤੱਕ ਕੇਜਰੀਵਾਲ ਦੇ ਵਾਅਦੇ ਮੁਤਾਬਕ ਪੈਸੇ ਉਡੀਕ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਸਰਕਾਰਾਂ ਨੇ ‘ਲਾਡਲੀ ਬਹਿਨ’ ਤੇ ਹੋਰ ਔਰਤ ਸਬੰਧੀ ਯੋਜਨਾਵਾਂ ਸਫਲਤਾ ਨਾਲ ਲਾਗੂ ਕੀਤੀਆਂ ਹਨ, ਜਿਸ ਤਹਿਤ ਉਨ੍ਹਾਂ ਨੂੰ ਵਿੱਤੀ ਲਾਭ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਹਿਲਾ ਸਮ੍ਰਿਧੀ ਯੋਜਨਾ ਨੂੰ ਇਸੇ ਤਰੀਕੇ ਨਾਲ ਦਿੱਲੀ ਵਿਚ ਲਾਗੂ ਕੀਤਾ ਜਾਵੇਗਾ।