ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 23 ਜਨਵਰੀ ਵਾਲੇ ਦਿਨ ਕਈ ਥਾਵਾਂ ’ਤੇ ਤੇਜ਼ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਮੀਂਹ ਦੌਰਾਨ ਮਣੀਮਾਜਰਾ ਇਲਾਕੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਘਰ ਅੰਦਰ ਮੌਜੂਦ 3 ਬੱਚੇ ਮਲਬੇ ਹੇਠਾਂ ਦੱਬ ਗਏ। ਤਿੰਨਾਂ ਨੂੰ ਤੁਰੰਤ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 2 ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਕਾਨ ਕਾਫ਼ੀ ਪੁਰਾਣਾ ਸੀ। ਲਗਾਤਾਰ ਮੀਂਹ ਕਾਰਨ ਉਸਦੀ ਹਾਲਤ ਹੋਰ ਕਮਜ਼ੋਰ ਹੋ ਗਈ, ਜਿਸ ਨਾਲ ਛੱਤ ਡਿੱਗ ਪਈ। ਇਸ ਤੋਂ ਇਲਾਵਾ, ਚੰਡੀਗੜ੍ਹ ਵਿੱਚ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖ਼ਤਾਂ ਦੀਆਂ ਟਾਹਣੀਆਂ ਟੁੱਟ ਕੇ ਡਿੱਗ ਗਈਆਂ। ਸ਼ਹਿਰ ਦੀਆਂ ਸੜਕਾਂ ’ਤੇ ਵੀ ਭਾਰੀ ਜਲ-ਥਲ ਦੇਖਣ ਨੂੰ ਮਿਲਿਆ।
ਅਗਲੇ 2 ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ
ਜਲੰਧਰ ਅਤੇ ਫ਼ਾਜ਼ਿਲਕਾ ਦੇ ਅਬੋਹਰ ਵਿੱਚ ਮੀਂਹ ਨਾਲ ਨਾਲ ਗੜ੍ਹੇ ਵੀ ਪਏ। ਲੁਧਿਆਣਾ ਅਤੇ ਮਾਨਸਾ ਦੀਆਂ ਸੜਕਾਂ ’ਤੇ ਵੀ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਦੁਪਹਿਰ 2 ਵਜੇ ਤੱਕ ਸੂਬੇ ਵਿੱਚ ਤੂਫ਼ਾਨ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਖ਼ਾਸ ਤੌਰ ’ਤੇ ਪਟਿਆਲਾ ਅਤੇ ਮੋਹਾਲੀ ਵਿੱਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸਾਰਾ ਦਿਨ ਮੌਸਮ ਖ਼ਰਾਬ ਰਹੇਗਾ ਅਤੇ ਅਗਲੇ 2 ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਇਸ ਸਮੇਂ ਉੱਤਰ ਭਾਰਤ ਵਿੱਚ ਵੈਸਟਨ ਡਿਸਟਰਬਨ ਸਰਗਰਮ ਹੈ। ਇਸਦੇ ਨਾਲ ਹੀ ਉੱਤਰੀ ਪਾਕਿਸਤਾਨ ਦੇ ਉੱਪਰ ਬਣਿਆ ਇੱਕ ਮੌਸਮੀ ਚੱਕਰ ਵੀ ਇਸ ਨਾਲ ਜੁੜ ਗਿਆ ਹੈ, ਜਿਸ ਕਾਰਨ ਇਸਦਾ ਅਸਰ ਹੋਰ ਵੱਧ ਗਿਆ ਹੈ। 26 ਜਨਵਰੀ 2026 ਤੋਂ ਉੱਤਰ-ਪੱਛਮੀ ਭਾਰਤ ਵਿੱਚ ਇੱਕ ਨਵਾਂ ਵੈਸਟਨ ਡਿਸਟਰਬਨ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਮੌਸਮ ਵਿੱਚ ਬਦਲਾਅ ਆ ਸਕਦਾ ਹੈ।
ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ 23 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 27 ਅਤੇ 28 ਜਨਵਰੀ ਨੂੰ ਕੁਝ ਥਾਵਾਂ ’ਤੇ ਮੀਂਹ ਹੋ ਸਕਦਾ ਹੈ, ਜਦਕਿ 24 ਅਤੇ 26 ਜਨਵਰੀ ਨੂੰ ਇੱਥੇ-ਉੱਥੇ ਇਕਾਦੁੱਕਾ ਥਾਵਾਂ ’ਤੇ ਮੀਂਹ ਪੈਣ ਦੇ ਆਸਾਰ ਹਨ। ਅਗਲੇ 48 ਘੰਟਿਆਂ ਵਿੱਚ ਨਿਊਨਤਮ ਤਾਪਮਾਨ 2 ਤੋਂ 4 ਡਿਗਰੀ ਤੱਕ ਵੱਧ ਸਕਦਾ ਹੈ। ਇਸ ਤੋਂ ਬਾਅਦ ਵਾਲੇ ਅਗਲੇ 48 ਘੰਟਿਆਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਤੱਕ ਘਟ ਸਕਦਾ ਹੈ। ਫਿਰ ਉਸ ਤੋਂ ਬਾਅਦ ਤਾਪਮਾਨ ਵਿੱਚ ਦੁਬਾਰਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਹੋਰ ਪੜ੍ਹੋ