ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਪਾਤੜਾਂ 1 ਮਾਰਚ
ਕਿਸਾਨੀ ਮੰਗਾਂ ਮੰਨਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਸ਼ੰਭੂ, ਢਾਬੀਗੁੱਜਰਾਂ ਅਤੇ ਰਤਨਪੁਰਾ ਬਾਰਡਰਾਂ ’ਤੇ ਜਾਰੀ ਕਿਸਾਨ ਮੋਰਚੇ ਨੂੰ ਅੱਜ ਇੱਕ ਸਾਲ 16 ਦਿਨ ਹੋ ਗਏ ਹਨ। ਇਸ ਦੌਰਾਨ ਢਾਬੀਗੁੱਜਰਾਂ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 96ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਮਰਨ ਵਰਤ ਦੇ 100ਵੇਂ ਦਿਨ 5 ਮਾਰਚ ਨੂੰ ਦੇਸ਼ ਭਰ ਦੇ ਕਿਸਾਨ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਟਰਾਂ ’ਤੇ ਇੱਕ ਦਿਨ ਲਈ ਸੰਕੇਤਕ ਭੁੱਖ ਹੜਤਾਲ ਰੱਖਣਗੇ। ਸੂਬਾਈ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 8 ਮਾਰਚ ਨੂੰ ਕਿਸਾਨ ਮੋਰਚਿਆਂ ’ਚ ਮਹਿਲਾ ਦਿਵਸ ਮਨਾਇਆ ਜਾਵੇਗਾ।