ਸ਼ਾਇਰ ਤੇ ਹਕੂਮਤ
ਜਸਵੰਤ ਗਿੱਲ ਸਮਾਲਸਰ
ਦੋਸਤ ਬਣ ਕੇ ਮੁਖ਼ਬਰ
ਮੇਰੇ ਘਰ ਵਿੱਚ ਆਏ ਨੇ।
ਸੁਣਿਆ ਮੇਰੀ ਕਵਿਤਾ ਤੋਂ
ਡਾਹਢਾ ਘਬਰਾਏ ਨੇ।
ਮੇਰੀ ਕਲਮ ਨੂੰ ਤੱਕਿਆ,
ਕਾਪੀਆਂ ਕਿਤਾਬਾਂ ਫਰੋਲੀਆਂ,
ਦੰਦਲ ਪੈ ਗਈ ਵੇਖ ਕੇ,
ਅੱਖਰਾਂ-ਸ਼ਬਦਾਂ ਦੀਆਂ ਬੋਲੀਆਂ।
ਚਾਹ ਪਾਣੀ ਪੀਂਦਿਆਂ ਮੈਂ
ਕੁਝ ਸ਼ਿਅਰ ਸੁਣਾ ਦਿੱਤੇ,
ਵੈਰੀ ਬਣ ਕੇ ਆਏ ਸੀ,
ਦੁਸ਼ਮਣ ਦੇ ਵੈਰੀ ਬਣਾ ਦਿੱਤੇ।
ਕੁਝ ਨਾ ਮਿਲਿਆ ਉਨ੍ਹਾਂ ਨੂੰ,
ਬਿਨ-ਸ਼ਬਦੋਂ ਮੇਰੇ ਕੋਲ,
ਗੱਲ ਵਧਾ ਕੇ ਦੱਸਣਗੇ
ਹਾਕਮਾਂ ਡਰਦੇ ਤੇਰੇ ਕੋਲ।
ਕੁਝ ਸ਼ਬਦ, ਕੁਝ ਲੈ ਗਏ
ਮੇਰੀਆਂ ਬਗ਼ਾਵਤੀ ਗੱਲਾਂ ਨੂੰ,
ਮੈਂ ਡਰਦਾ ਨਹੀਂ, ਟਿੱਚ ਜਾਣਦਾਂ
ਤੇਰੇ ਸੂਹੀਏ ਮੱਲਾਂ ਨੂੰ।
ਮੈਂ ਡਰ ਜਾਵਾਂਗਾ ਜੁ
ਤੇਰੀ ਸਿਆਸਤ ਦਾ ਪਿਆਦਾ ਨਹੀਂ,
ਤੂੰ ਭੁੱਲ ਜਾਵੇਂ ਮੈਨੂੰ,
ਮੈਂ ਕੋਈ ਸਿਆਸੀ ਵਾਅਦਾ ਨਹੀਂ।
ਤੂੰ ਲਾ ਲੈ ਜ਼ੋਰ ਐ ਹਾਕਮਾ!
ਤੇਰੇ ਅੱਗੇ ਝੁਕਣਾ ਨਈਂ,
ਕਲਮਾਂ ਦਾ ਇਹ ਕਾਫ਼ਲਾ
ਤੇਰੇ ਕੋਲੋਂ ਰੁਕਣਾ ਨਈਂ।
ਸ਼ਾਇਰਾਂ ਦਾ ਮੁੱਢੋਂ ਹੀ ਰਿਹਾ
ਜ਼ੁਲਮੀਂ ਹਕੂਮਤਾਂ ਨਾਲ ਵੈਰ,
ਤੁਰਦੇ ਜਾਨ ਤਲੀ ’ਤੇ ਧਰ ਕੇ,
ਮੰਗਦੇ ਦੁਨੀਆ ਦੀ ਖ਼ੈਰ।
ਸੰਪਰਕ: 97804-51878
* * *
ਔਰਤਾਂ
ਕੁਝ ਔਰਤਾਂ ਖਾ ਜਾਂਦੀਆਂ ਹਨ
ਦੂਸਰੀਆਂ ਔਰਤਾਂ ਦੀ ਹਸਤੀ
ਉਨ੍ਹਾਂ ਦੇ ਸੁਪਨੇ,
ਸਾਰੇ ਆਪਣੇ,
ਬਾਲ-ਬੱਚੇ,
ਜਿਊਣ ਦੀ ਇੱਛਾ,
ਬੁੱਲ੍ਹਾਂ ਦੀ ਮੁਸਕਰਾਹਟ,
ਘਰ ਦੀਆਂ ਕੰਧਾਂ
ਇੱਟਾਂ-ਪੱਥਰ
ਮਰਦਾਂ ਦੀ ਬੁੱਧੀ,
ਬੱਚਿਆਂ ਦੇ ਭਵਿੱਖ
ਅਤੇ ਰਿਸ਼ਤਿਆਂ ’ਚ ਘੋਲ ਦਿੰਦੀਆਂ ਹਨ
ਕੁੜੱਤਣ
ਕੁਝ ਔਰਤਾਂ
ਆਦਮਖੋਰ ਹੁੰਦੀਆਂ ਹਨ।
– ਪੰਜਾਬੀ ਰੂਪ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691
* * *
ਛੱਡ ਅੜਿਆ…
ਤੂੰ ਨਾ ਦਿਲ ਦੀ ਥਾਹ ਕੋਈ ਪਾਈ
ਡਾਢਿਆ ਮੇਰੀ ਇਹੋ ਲੜਾਈ
ਡੂੰਘੀਆਂ ਰਮਜ਼ਾਂ ਜਾਣ ਨਾ ਸਕਿਆ
ਮਨ ਚੰਚਲ ਨਾ ਠੋਰ ਠਿਕਾਣਾ
ਛੱਡ ਅੜਿਆ, ਤੈਨੂੰ ਕੀ ਸਮਝਾਉਣਾ।
ਸੌਖਾ ਨੀ ਏਹ ਜੋਗ ਕਮਾਉਣਾ
ਆਪਾ ਅੱਗ ਦੀ ਲਾਟ ਮਚਾਉਣਾ
ਪਿਆਰੇ ਦੇ ਦੀਦਾਰ ਦੀ ਖ਼ਾਤਿਰ
ਸੌ-ਸੌ ਪਾਪੜ ਵੇਲਦੇ ਜਾਣਾ
ਛੱਡ ਅੜਿਆ, ਤੈਨੂੰ ਕੀ ਸਮਝਾਉਣਾ।
ਲੁੱਟੇ ਗਏ ਸਾਂ ਪਹਿਲੇ ਈ ਹੱਲੇ
ਰਹੁ ਰੀਤਾਂ ਰਹੀਆਂ ਸਭ ਥੱਲੇ
ਮਨ ਕਾਜ਼ੀ ਨੇ ਫ਼ਤਵਾ ਦਿੱਤਾ
‘‘ਹੈ ਕਬੂਲ’’ ਮੁੱਖੋਂ ਫ਼ਰਮਾਉਣਾ
ਛੱਡ ਅੜਿਆ, ਤੈਨੂੰ ਕੀ ਸਮਝਾਉਣਾ।
ਬਾਜ਼ੋਂ ਤਿੱਖੀਆਂ ਜਗ ਦੀਆਂ ਨਜ਼ਰਾਂ
ਕਦੋਂ ਕਰੇਂਦਾ ਨੇਹੁੰ ਦੀਆਂ ਕਦਰਾਂ
ਜਿੰਦ ਸੱਸੀ ਦਾ ਪੁੰਨੂੰ ਖੁੱਸਿਆ
ਹੋਤਾਂ ਕੀਤਾ ਦੂਰ ਠਿਕਾਣਾ
ਛੱਡ ਅੜਿਆ, ਤੈਨੂੰ ਕੀ ਸਮਝਾਉਣਾ
ਦਿਲ ਦੇ ਤੋਸ਼ੇ ਲੱਗਦੇ ਨਈਂ ਤਾਲੇ
ਝੱਲ ਵਲੱਲੇ ਏਹ ਲੱਗੀਆਂ ਵਾਲੇ
ਭਰ ਭਰ ਵੰਡੀ ਜਾਵਣ ਮੁੱਠੀਆਂ
ਪਿਆਰ ਦੀ ਰਹਿਮਤ ਵਾਲਾ ਖ਼ਜ਼ਾਨਾ
ਛੱਡ ਅੜਿਆ, ਤੈਨੂੰ ਕੀ ਸਮਝਾਉਣਾ।
ਸੰਪਰਕ: 96468-48766
The post ਕਾਵਿ ਕਿਆਰੀ appeared first on Punjabi Tribune.