ਪੱਤਰ ਪ੍ਰੇਰਕ
ਮਾਛੀਵਾੜਾ, 23 ਅਗਸਤ
ਪਿੰਡ ਦੋਆਬਾ ਭੈਣੀ ਦੇ ਨੌਜਵਾਨ ਮਲਕੀਤ ਸਿੰਘ (35) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਟਿੱਪਰ ਚਲਾਉਣ ਦਾ ਕੰਮ ਕਰਦਾ ਸੀ। ਉਹ ਪਿੰਡ ਮਾਜਰੀ ਵਿੱਚ ਬਜਰੀ ਦਾ ਟਿੱਪਰ ਲਾਹੁਣ ਲਈ ਗਿਆ ਸੀ। ਜਦੋਂ ਬਜਰੀ ਖਾਲੀ ਕੀਤੀ ਗਈ ਤਾਂ ਬਾਡੀ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ। ਰਾਤ ਨੂੰ ਹਨੇਰਾ ਹੋਣ ਕਾਰਨ ਉਸ ਨੂੰ ਇਹ ਨਾ ਪਤਾ ਲੱਗਾ ਕਿ ਟਿੱਪਰ ਬਿਜਲੀ ਦੀਆਂ ਤਾਰਾਂ ਨਾਲ ਲੱਗਿਆ ਹੋਇਆ ਹੈ। ਉਹ ਟਿੱਪਰ ’ਚੋਂ ਥੱਲੇ ਉਤਰ ਕੇ ਪਿੱਛੇ ਡਾਲਾ ਲਗਾਉਣ ਲਈ ਗਿਆ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।