ਮੁੰਬਈ: ਬਲੌਕਬਾਸਟਰ ਫਿਲਮ ‘ਕਭੀ ਖ਼ੁਸ਼ੀ ਕਭੀ ਗ਼ਮ’ ਦੇ 23 ਸਾਲ ਪੂਰੇ ਹੋਣ ’ਤੇ ਇਸ ਦੇ ਨਿਰਦੇਸ਼ਕ ਕਰਨ ਜੌਹਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਕਰਨ ਨੇ ਫਿਲਮ ਨਾਲ ਸਬੰਧਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਵਿੱਚ ਅਮਿਤਾਭ ਬੱਚਨ, ਜਯਾ ਬੱਚਨ, ਸ਼ਾਹਰੁਖ ਖਾਨ, ਕਾਜੋਲ, ਕਰੀਨਾ ਕਪੂਰ ਖਾਨ ਅਤੇ ਰੀਤਿਕ ਰੋਸ਼ਨ ਸਣੇ ਹੋਰ ਕਲਾਕਾਰ ਸ਼ਾਮਲ ਸਨ। ਕਰਨ ਨੇ 23 ਸਾਲ ਪਹਿਲਾਂ ਇਨ੍ਹਾਂ ਕਲਾਕਾਰਾਂ ਨਾਲ ਕੀਤੇ ਕੰਮ ਨੂੰ ਯਾਦ ਕੀਤਾ। ਉਸ ਨੇ ਲਿਖਿਆ ਕਿ ਨਿਰਦੇਸ਼ਕ ਵਜੋਂ ਇਹ ਉਸ ਦੀ ਦੂਜੀ ਫਿਲਮ ਸੀ। ਉਸ ਨੇ ਕਿਹਾ ਕਿ ਉਸ ਦੀ ਕਿਸਮਤ ਚੰਗੀ ਸੀ ਜੋ ਉਸ ਨੂੰ ਅਜਿਹੇ ਚੰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਸਾਰੀ ਟੀਮ ਨੇ ਇਸ ਫਿਲਮ ਲਈ ਦਿਲੋਂ ਕੰਮ ਕੀਤਾ ਸੀ। ਨਿਰਦੇਸ਼ਕ ਨੇ ਇਸ ਫਿਲਮ ਨੂੰ ਦਿੱਤੇ ਬੇਸ਼ੁਮਾਰ ਪਿਆਰ ਨੂੰ ਯਾਦ ਕਰਦਿਆਂ ਦਰਸ਼ਕਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਦਰਸ਼ਕਾਂ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਦੇਖਿਆ ਹੀ ਨਹੀਂ ਮਾਣਿਆ ਵੀ ਸੀ। ਉਨ੍ਹਾਂ ਨੇ ਇਸ ਦੇ ਫਿਲਮ ਹਰੇਕ ਡਾਇਲਾਗ ਨੂੰ ਨਾਲ ਬੋਲਿਆ ਅਤੇ ਇਸ ਦੇ ਹਰੇਕ ਗੀਤ ’ਤੇ ਨੱਚ ਕੇ ਫਿਲਮ ਦਾ ਆਨੰਦ ਮਾਣਿਆ। ਇਹ ਫਿਲਮ ਅਮੀਰ ਪਰਿਵਾਰ ਦੀ ਕਹਾਣੀ ਦੁਆਲੇ ਘੁੰਮਦੀ ਹੈ ਤੇ ਇਸ ਵਿੱਚ ਪਰਿਵਾਰ ਵੱਲੋਂ ਗੋਦ ਲਏ ਪੁੱਤਰ ਵੱਲੋਂ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾਉਣ ਕਰ ਕੇ ਖੜ੍ਹੀ ਹੋਈ ਦਿੱਕਤ ਨੂੰ ਦਿਖਾਇਆ ਗਿਆ ਹੈ। -ਆਈਏਐੱਨਐੱਸ