ਕਾਬੁਲ, 25 ਦਸੰਬਰ
ਤਾਲਿਬਾਨ ਸ਼ਾਸਕਾਂ ਵੱਲੋਂ ਦੇਸ਼ ਵਿੱਚ ਔਰਤਾਂ ਦੇ ਕੌਮਾਂਤਰੀ ਅਤੇ ਸਥਾਨਕ ਗੈਰਸਰਕਾਰੀ ਸੰਸਥਾਵਾਂ (ਐੱਨਜੀਓ) ਵਿੱਚ ਕੰਮ ਕਰਨ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਮਗਰੋਂ ਤਿੰਨ ਵਿਦੇਸ਼ੀ ਸਹਾਇਤਾ ਪ੍ਰਾਪਤ ਗਰੁੱਪਾਂ ਨੇ ਅਫ਼ਗਾਨਿਸਤਾਨ ਵਿੱਚ ਅੱਜ ਤੋਂ ਆਪਣੇ ਕੰਮ-ਕਾਜ ਮੁਲਤਵੀ ਕਰ ਦਿੱਤੇ ਹਨ। ਐੱਨਜੀਓ ‘ਸੇਵ ਦਿ ਚਿਲਡਰਨ’, ਦਿ ਨਾਰਵੇ ਰਿਫਿਊਜੀ ਕੌਂਸਲ’ ਅਤੇ ‘ਕੇਅਰ’ ਨੇ ਕਿਹਾ ਕਿ ਉਹ ਆਪਣੇ ਮਹਿਲਾ ਸਟਾਫ ਤੋਂ ਬਿਨਾਂ ਅਫ਼ਗਾਨਿਸਤਾਨ ਵਿੱਚ ਲੋੜਵੰਦ ਬੱਚਿਆਂ, ਔਰਤਾਂ ਅਤੇ ਪੁਰਸ਼ਾਂ ਦੀ ਸਹਾਇਤਾ ਲਈ ਅਸਰਦਾਰ ਢੰਗ ਨਾਲ ਕੰਮ ਨਹੀਂ ਕਰ ਸਕਦੇ। ਅਮਰੀਕਾ ਨੇ ਅਫ਼ਗਾਨਿਸਤਾਨ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਬੰਦੀ ਕਾਰਨ ਲੱਖਾਂ ਲੋਕਾਂ ਨੂੰ ਜ਼ਰੂਰੀ ਅਤੇ ਜੀਵਨ-ਰੱਖਿਅਕ ਸਹਾਇਤਾ ਦੇਣ ਵਿੱਚ ਵਿਘਨ ਪਵੇਗਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਵੀ ਤਾਲਿਬਾਨ ਦੇ ਤਾਜ਼ਾ ਫ਼ੈਸਲੇ ਕਾਰਨ ਫ਼ਿਕਰਮੰਦ ਹਨ। –ਏਪੀ