ਜਗਮੋਹਨ ਸਿੰਘ
ਘਨੌਲੀ, 7 ਦਸੰਬਰ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀਆਂ ਝੀਲਾਂ ਤੋਂ ਸਵਾਹ ਲੈ ਕੇ ਜਾਂਦੇ ਟਿੱਪਰਾਂ ਦੀ ਉੱਡਦੀ ਸਵਾਹ ਨੇ ਇਲਾਕਾ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।
ਅੱਜ ਦੇਰ ਸ਼ਾਮ ਪਿੰਡ ਰਾਵਲ ਮਾਜਰਾ ਨੇੜੇ ਭਾਖੜਾ ਨਹਿਰ ਦੀ ਪੱਟੜੀ ਤੇ ਇਕੱਤਰ ਹੋਏ ਪਿੰਡ ਵਾਸੀਆਂ ਸੁਖਬੀਰ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ ਪੰਚ, ਸਾਬਕਾ ਸਰਪੰਚ ਬਲਜੀਤ ਸਿੰਘ ਤੇ ਹੋਰਨਾਂ ਨੇ ਨਹਿਰ ਦੀ ਪਟੜੀ ਤੇ ਟਿੱਪਰਾਂ ਤੋਂ ਡਿੱਗੀ ਸਵਾਹ ਦਿਖਾਉਂਦਿਆਂ ਹੋਇਆ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਥਰਮਲ ਪਲਾਂਟ ਤੋਂ ਦਬੁਰਜੀ ਵਾਲੇ ਪਾਸੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਪੱਕਾ ਰਸਤਾ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਖੜਾ ਨਹਿਰ ਦੀ ਕਮਜ਼ੋਰ ਪਟੜੀ ਰਾਹੀਂ ਸਵਾਹ ਦੇ ਭਰੇ ਟਿੱਪਰ ਲੰਘਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਿੱਪਰਾਂ ਦੀ ਦੋਹਰੀ ਆਵਾਜਾਈ ਕਾਰਨ ਜਿੱਥੇ ਲੋਕਾਂ ਦਾ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਚੁੱਕਿਆ ਹੈ, ਉੱਥੇ ਹੀ ਟਿੱਪਰਾਂ ਦੀ ਸਵਾਹ ਉਨ੍ਹਾਂ ਦੇ ਘਰਾਂ ਤੱਕ ਪੁੱਜ ਰਹੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਚੁੱਕਿਆ ਹੈ। ਪਿੰਡ ਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸੋਮਵਾਰ ਤੋਂ ਰਾਵਲ ਮਾਜਰਾ ਵਿੱਚ ਪੱਕਾ ਧਰਨਾ ਲਗਾ ਕੇ ਟਿੱਪਰਾਂ ਦੀ ਆਵਾਜਾਈ ਨੂੰ ਪੂਰਨ ਤੌਰ ’ਤੇ ਬੰਦ ਕਰਨਗੇ। ਇਸ ਦੌਰਾਨ ਘਨੌਲੀ ਪੁਲੀਸ ਚੌਕੀ ਤੋਂ ਪੁੱਜੇ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਸਵੇਰੇ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲ ਕਰਾਉਣ ਦਾ ਭਰੋਸਾ ਦੇ ਕੇ ਟਿੱਪਰਾਂ ਦੀ ਆਵਾਜਾਈ ਬਹਾਲ ਕਰਵਾ ਦਿੱਤੀ।
ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਦੇ ਰਹੇ ਕੰਪਨੀਆਂ ਦੇ ਨੁਮਾਇੰਦੇ
ਜਦੋਂ ਇਸ ਸਬੰਧੀ ਟੀ ਮੈਪ ਕੰਪਨੀ ਦੇ ਪ੍ਰਤੀਨਿਧੀ ਮਨਦੀਪ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਵਾਹ ਦੀ ਟਰਾਂਸਪੋਰਟਰੇਸ਼ਨ ਦਾ ਕੰਮ ਤਿੰਨ ਕੰਪਨੀਆਂ ਕਰਦੀਆਂ ਹਨ ਤੇ ਸਾਰੀਆਂ ਕੰਪਨੀਆਂ ਬਦਲ ਬਦਲ ਕੇ ਪਾਣੀ ਦਾ ਛਿੜਕਾਅ ਕਰਦੀਆਂ ਹਨ। ਹੁਣ ਉਨ੍ਹਾਂ ਦੀ ਕੰਪਨੀ ਦੀ ਵਾਰੀ ਨਹੀਂ ਹੈ। ਵੀਸੀ ਐੱਲ ਕੰਪਨੀ ਦੇ ਪ੍ਰਤੀਨਿਧੀ ਸੁਖਵਿੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਲੋਕਾਂ ਨੂੰ ਦੱਸਿਆ ਕਿ ਜ਼ਿੰਮੇਵਾਰੀ ਭਾਵੇਂ ਹੁਣ ਸੀਗਲ ਕੰਪਨੀ ਦੀ ਹੈ ਪਰ ਫਿਰ ਵੀ ਉਹ ਆਪਣੇ ਨਾਲ ਪਾਣੀ ਦਾ ਟੈਂਕਰ ਲੈ ਕੇ ਆਏ ਹਨ। ਸੀਗਲ ਕੰਪਨੀ ਦੇ ਪ੍ਰਾਜੈਕਟ ਡਾਇਰੈਕਟਰ ਕੰਵਲਦੀਪ ਸਿੰਘ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।