ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ

Must read


ਫੀਫਾ ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਅਟਲਾਂਟਾ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ ਵਿੱਚ ਅਰਜਨਟੀਨਾ ਨੇ ਪਿੱਛੇ ਰਹਿਣ ਦੇ ਬਾਵਜੂਦ ਸ਼ਾਨਦਾਰ ਵਾਪਸੀ ਕੀਤੀ। ਇਸ ਜਿੱਤ ਨਾਲ ਅਰਜਨਟੀਨਾ ਨੇ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਅਜੇਤੂ ਰਹਿਣ ਦਾ ਆਪਣਾ ਰਿਕਾਰਡ ਵੀ ਬਰਕਰਾਰ ਰੱਖਿਆ।

ਗਰਮਾ-ਗਰਮੀ ਨਾਲ ਭਰਿਆ ਰਿਹਾ ਮੁਕਾਬਲਾ

ਅਰਜਨਟੀਨਾ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਇਹ ਸੈਮੀਫਾਈਨਲ ਸ਼ੁਰੂ ਤੋਂ ਹੀ ਕਾਫ਼ੀ ਤਣਾਅਪੂਰਨ ਰਿਹਾ। ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਕਈ ਵਾਰ ਧੱਕਾ-ਮੁੱਕੀ ਅਤੇ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ। ਪਹਿਲੇ ਹਾਫ਼ ਵਿੱਚ ਹੀ ਕੁੱਲ 19 ਫਾਊਲ ਹੋਏ, ਜਿਨ੍ਹਾਂ ਵਿੱਚੋਂ 7 ਫਾਊਲ ਪਹਿਲੇ 10 ਮਿੰਟਾਂ ਅੰਦਰ ਹੀ ਦਰਜ ਕੀਤੇ ਗਏ। ਮੈਚ ਖ਼ਤਮ ਹੋਣ ਤੋਂ ਬਾਅਦ ਵੀ ਮੈਦਾਨ ‘ਤੇ ਤਣਾਅ ਦਾ ਮਾਹੌਲ ਬਣਿਆ ਰਿਹਾ।

ਇੰਗਲੈਂਡ ਨੇ ਪਹਿਲਾਂ ਬਣਾਈ ਬੜ੍ਹਤ

ਪਹਿਲੇ ਹਾਫ਼ ਵਿੱਚ ਦੋਵੇਂ ਟੀਮਾਂ ਕੋਈ ਵੀ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋਈਆਂ। ਦੂਜੇ ਹਾਫ਼ ਦੇ 55ਵੇਂ ਮਿੰਟ ਵਿੱਚ ਇੰਗਲੈਂਡ ਦੇ ਐਂਥਨੀ ਗੋਰਡਨ ਨੇ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਗੋਲ ਤੋਂ ਬਾਅਦ ਅਰਜਨਟੀਨਾ ‘ਤੇ ਦਬਾਅ ਵਧ ਗਿਆ, ਪਰ ਟੀਮ ਨੇ ਹਿੰਮਤ ਨਹੀਂ ਹਾਰੀ।

ਬਿਨਾਂ ਗੋਲ ਕੀਤੇ ਮੇਸੀ ਬਣੇ ਹੀਰੋ

84ਵੇਂ ਮਿੰਟ ਤੱਕ ਇੰਗਲੈਂਡ 1-0 ਨਾਲ ਅੱਗੇ ਸੀ, ਪਰ 85ਵੇਂ ਮਿੰਟ ਵਿੱਚ ਲਿਓਨਲ ਮੇਸੀ ਦੇ ਸ਼ਾਨਦਾਰ ਅਸਿਸਟ ‘ਤੇ ਐਂਜ਼ੋ ਫਰਨਾਂਡੇਜ਼ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਰੈਫਰੀ ਨੇ 9 ਮਿੰਟ ਦਾ ਸਟਾਪੇਜ ਟਾਈਮ ਦਿੱਤਾ।

ਸਟਾਪੇਜ ਟਾਈਮ ਦੇ 92ਵੇਂ ਮਿੰਟ ਵਿੱਚ ਮੇਸੀ ਨੇ ਇੱਕ ਹੋਰ ਕਮਾਲ ਦਾ ਅਸਿਸਟ ਦਿੱਤਾ, ਜਿਸ ਨੂੰ ਮਾਰਟੀਨੇਜ਼ ਨੇ ਗੋਲ ਵਿੱਚ ਬਦਲਦਿਆਂ ਅਰਜਨਟੀਨਾ ਨੂੰ 2-1 ਦੀ ਨਿਰਣਾਇਕ ਬੜ੍ਹਤ ਦਿਵਾ ਦਿੱਤੀ। ਮੇਸੀ ਨੇ ਖੁਦ ਗੋਲ ਨਹੀਂ ਕੀਤਾ, ਪਰ ਆਪਣੇ ਦੋ ਅਸਿਸਟ ਨਾਲ ਮੈਚ ਦਾ ਰੁਖ ਬਦਲ ਦਿੱਤਾ। ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।

ਹੁਣ ਫਾਈਨਲ ਵਿੱਚ ਅਰਜਨਟੀਨਾ ਦਾ ਸਾਹਮਣਾ ਸਪੇਨ ਨਾਲ ਹੋਵੇਗਾ, ਜਿੱਥੇ ਦੋਵੇਂ ਟੀਮਾਂ ਵਿਸ਼ਵ ਚੈਂਪੀਅਨ ਬਣਨ ਲਈ ਆਮਨੇ-ਸਾਮਨੇ ਹੋਣਗੀਆਂ।



News Source link

- Advertisement -

More articles

- Advertisement -

Latest article