ਚੋਰੀ ਦੀਆਂ ਬੈਟਰੀਆਂ ਬਰਾਮਦ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੀਆਂ ਬੈਟਰੀਆਂ ਬਰਾਮਦ ਕੀਤੀਆਂ ਹਨ ਜਦਕਿ ਉਨ੍ਹਾਂ ਦੇ ਤੀਸਰੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਵਿਸ਼ਕਰਮਾ ਚੌਕ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਵਿਸ਼ਾਲ ਤੇ ਕਾਜਲ ਨਿਊ ਪ੍ਰਤਾਪ ਨਗਰ ਅਤੇ ਅਵਤਾਰ ਸਿੰਘ ਲੱਕੀ ਵਾਸੀ ਸੁਰਿੰਦਰ ਪਾਰਕ ਨੇੜੇ ਜੱਸੀਆਂ ਰੋਡ ਮਿਲਕੇ ਬੈਂਕਾਂ ਦੇ ਟਾਵਰਾਂ ਦੀਆਂ ਅਤੇ ਬੈਂਕਾਂ ਦੇ ਏਟੀਐਮ ਦੀਆਂ ਬੈਟਰੀਆਂ ਚੋਰੀ ਕਰਨ ਦੇ ਆਦੀ ਹਨ ਅਤੇ ਉਹ ਚੋਰੀ ਕੀਤੀਆਂ ਬੈਟਰੀਆਂ ਸਮੇਤ ਮੰਜੂ ਕੱਟ ’ਤੇ ਖੜ੍ਹੇ ਹਨ। ਪੁਲੀਸ ਵੱਲੋਂ ਛਾਪੇਮਾਰੀ ਕਰਕੇ ਅਵਤਾਰ ਸਿੰਘ ਲੱਕੀ ਤੇ ਕਾਜਲ ਕੋਲੋਂ 8 ਬੈਟਰੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਦੇ ਸਾਥੀ ਵਿਸ਼ਾਲ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਗਾਂਜੇ ਸਮੇਤ ਇੱਕ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਗਾਂਜੇ ਸਮੇਤ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਸਾਹਮਣੇ ਹਨੂੰਮਾਨ ਮੰਦਰ ਲੋਹੇ ਦੇ ਪੁੱਲ ਦੇ ਥੱਲੇ ਮੌਜੂਦ ਸੀ ਤਾਂ ਪ੍ਰੇਮ ਕੁਮਾਰ ਵਾਸੀ ਸ਼ਾਂਤੀ ਨਗਰ ਗਲੀ ਨੰਬਰ 2 ਅਵਤਾਰ ਸਿੰਘ ਦਾ ਵੇਹੜਾ ਸਾਹਨੇਵਾਲ ਪੈਦਲ ਆ ਰਿਹਾ ਸੀ। ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 500 ਗ੍ਰਾਮ ਗਾਂਜਾ ਬਰਾਮਦ ਹੋਇਆ। -ਨਿੱਜੀ ਪੱਤਰ ਪ੍ਰੇਰਕ
ਕੀਟਨਾਸ਼ਕਾਂ ਦੀ ਦੁਕਾਨ ’ਚੋ ਦਵਾਈਆਂ ਚੋਰੀ
ਲੁਧਿਆਣਾ: ਥਾਣਾ ਜਮਾਲਪੁਰ ਦੇ ਇਲਾਕੇ ਪਿੰਡ ਭੂਖੜੀ ਕਲਾਂ ਸਥਿਤ ਇੱਕ ਪੈਸਟੀਸਾਇਡ ਦੁਕਾਨ ਵਿੱਚੋਂ ਅਣਪਛਾਤੇ ਵਿਅਕਤੀ ਦਵਾਈਆਂ ਅਤੇ ਨਗਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਹਰਪ੍ਰੀਤ ਸਿੰਘ ਗਰੇਵਾਲ ਵਾਸੀ ਪਿੰਡ ਭੂਖੜੀ ਕਲਾਂ ਨੇ ਦੱਸਿਆ ਹੈ ਕਿ ਉਹ ਆਪਣੀ ਪੈਸਟੀਸਾਇਡ ਦੀ ਦੁਕਾਨ ਗਰੇਵਾਲ ਖੇਤੀ ਸੇਵਾ ਸੈਂਟਰ ਪਿੰਡ ਭੂਖੜੀ ਕਲਾਂ ਬੰਦ ਕਰਕੇ ਘਰ ਚਲਾ ਗਿਆ ਸੀ ਜਦੋਂ ਅਗਲੇ ਦਿਨ ਸਵੇਰੇ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਕੋਈ ਵਿਅਕਤੀ ਦੁਕਾਨ ਦੀ ਛੱਤ ’ਤੇ ਬਣੀ ਮਮਟੀ ਦਾ ਗੇਟ ਤੋੜਕੇ ਦੁਕਾਨ ਅੰਦਰ ਦਾਖਲ ਹੋ ਗਿਆ ਅਤੇ ਅੰਦਰੋਂ ਕੇ ਇੱਕ ਐਲਸੀਡੀ ਰੀਅਲ-ਮੀ, ਡੀਵੀਆਰ ਅਤੇ ਦੁਕਾਨ ਵਿੱਚ ਪਈਆਂ ਦਵਾਈਆਂ ਅਤੇ ਨਗਦੀ ਚੋਰੀ ਕਰਕੇ ਲੈ ਗਿਆ। -ਨਿੱਜੀ ਪੱਤਰ ਪ੍ਰੇਰਕ
ਜੂਆ ਖੇਡਣ ਦੇ ਦੋਸ਼ ਹੇਠ ਅੱਠ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਸਤੰਬਰ
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਜੂਆ ਖੇਡਦਿਆਂ ਅੱਠ ਜਣਿਆਂ ਨੂੰ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਦੌਰਾਨੇ ਗਸ਼ਤ ਪਤਾ ਲੱਗਾ ਕਿ ਬਲਵਿੰਦਰ ਜੈਨ ਆਪਣੀ ਦੁਕਾਨ ਬਿੱਟਾ ਮਸ਼ੀਨਰੀ ਸਟੋਰ ਗਲੀ ਨੰਬਰ 2 ਨੇੜੇ ਜੇਐੱਮਡੀ ਮਾਲ ਜਗਰਾਉਂ ਪੁਲ ’ਤੇ ਕੁੱਝ ਲੋਕਾਂ ਨਾਲ ਤਾਸ਼ ਤੇ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ। ਪੁਲੀਸ ਨੇ ਛਾਪੇਮਾਰੀ ਕਰਕੇ ਬਲਵਿੰਦਰ ਜੈਨ ਵਾਸੀ ਸੁੰਦਰ ਨਗਰ, ਰਾਜੇਸ਼ ਪੁਰੀ ਵਾਸੀ ਭੰਡਾਰੀ ਕਾਲੋਨੀ, ਰਿਤੇਸ਼ ਕੁਮਾਰ ਵਾਸੀ ਤਿਲਕ ਨਗਰ, ਵਿਕਾਸ ਕੁਮਾਰ ਵਾਸੀ ਤਿਲਕ ਨਗਰ, ਸੋਨੂੰ ਵਾਸੀ ਚੰਦਨ ਨਗਰ, ਨਰਿੰਦਰ ਸਿੰਘ ਵਾਸੀ ਦਾਲ ਬਾਜ਼ਾਰ, ਰਾਜੂ ਚਾਵਲਾ ਵਾਸੀ ਧਰਮਪੁਰਾ ਅਤੇ ਪੰਕਜ ਕੁਮਾਰ ਵਾਸੀ ਛਾਉਣੀ ਮੁਹੱਲਾ ਨੂੰ ਕਾਬੂ ਕਰਕੇ 70 ਹਜ਼ਾਰ ਰੁਪਏ ਤੇ ਤਾਸ਼ ਬਰਾਮਦ ਕੀਤੀ ਹੈ।
The post ਇਕ ਨਜ਼ਰ appeared first on punjabitribuneonline.com.