ਡਾ. ਗੁਰਬਖ਼ਸ਼ ਸਿੰਘ ਭੰਡਾਲ
ਪਿੰਡ, ਬਹੁਤ ਚਿਰ ਹੋਇਆ ਤੈਨੂੰ ਮਿਲਿਆਂ। ਬੜਾ ਚਿੱਤ ਕਰਦਾ ਹੈ ਤੈਨੂੰ ਮਿਲਣ ਲਈ। ਪਿੰਡ ਰਾਹੀਂ ਆਪਣੇ ਆਪ ਨੂੰ ਮਿਲਣਾ, ਆਪਣੇ ਬੀਤੇ ਨੂੰ ਯਾਦ ਕਰਨਾ ਅਤੇ ਬਚਪਨੇ ਦੀਆਂ ਗਲੀਆਂ ਵਿੱਚ ਬੇਫ਼ਿਕਰੀ ਨਾਲ ਘੁੰਮਣਾ। ਉਨ੍ਹਾਂ ਪਲਾਂ ਨੂੰ ਜਿਊਣਾ, ਜਦੋਂ ਨਿੱਘੇ ਜਿਹੇ ਚੌਗਿਰਦੇ ਵਿੱਚ ਆਪਣਿਆਂ ਦਾ ਨਿੱਘ ਮਾਣਦਾ ਸੀ, ਉਚੇਰੇ ਸੁਪਨੇ ਲੈਂਦਾ ਸੀ ਅਤੇ ਮਨ ਵਿੱਚ ਕੁਝ ਵੱਖਰਾ ਤੇ ਖ਼ਾਸ ਕਰਨ ਦਾ ਚਾਅ ਅੰਗੜਾਈਆਂ ਭਰਦਾ ਸੀ।
ਪਿੰਡ, 50 ਕੁ ਸਾਲ ਬੀਤ ਗਏ ਨੇ ਤੈਥੋਂ ਦੂਰ ਹੋਇਆਂ। ਬਹੁਤ ਬਦਲ ਗਿਆ ਹੋਵੇਂਗਾ ਤੂੰ ਵੀ ਕਿਉਂਕਿ ਬਦਲਣਾ ਕੁਦਰਤ ਦਾ ਨਿਜ਼ਾਮ ਏ। ਸਮੇਂ ਨਾਲ ਤੁਰਨ ਲਈ ਤਬਦੀਲੀ ਬਹੁਤ ਜ਼ਰੂਰੀ ਏ, ਪਰ ਇਹ ਤਬਦੀਲੀ ਉਸਾਰੂ ਤੇ ਸੇਧਮਈ ਹੋਵੇ। ਇਸ ਤਬਦੀਲੀ ਵਿੱਚੋਂ ਤੁਸੀਂ ਸਰਘੀ ਦਾ ਲਿਸ਼ਕਾਰਾ ਦੇਖ ਸਕਦੇ ਹੋਵੋ ਨਾ ਕਿ ਇਸ ਤਦਬੀਲੀ ਵਿੱਚ ਸ਼ਾਮ ਦਾ ਘੁਸਮੁਸਾ ਹੋਵੇ ਕਿਉਂਕਿ;
ਪਿੰਡ/ਘਰਾਂ ਦਾ ਸਮੂਹ ਨਹੀਂ ਹੁੰਦਾ
ਸਗੋਂ ਘਰਾਂ ’ਚ ਧੜਕਦੀ ਜ਼ਿੰਦਗੀ
ਛੱਤਾਂ ’ਤੇ ਉਂਘਦੇ ਜਿਸਮਾਂ ਦੀ ਸਰਗੋਸ਼ੀ
ਚੌਂਕਿਆਂ ਵਿੱਚ ਪੱਕਦੀ ਤੌਣ
ਚੁਗਲੀਆਂ ਕਰਦੀ ਚੁੱਲ੍ਹਿਆਂ ਦੀ ਅੱਗ
ਤੇ ਮਿਲ ਕੇ ਬੈਠਾ ਪਰਿਵਾਰ ਹੁੰਦਾ।
ਇਸ ਵਿੱਚ ਬੱਝਦਾ ਹੈ/ ਰਿਸ਼ਤਿਆਂ ਦਾ ਮੁੱਢ
ਚਿੜੀਆਂ ਦੇ ਚੰਬੇ ਦੀ ਉਡਾਣ
ਪ੍ਰਦੇਸੀ ਪੁੱਤ ਦੇ ਹੇਜ ’ਚ
ਦਰਾਂ ਦੇ ਨਾਮ ਕੀਤੇ ਹਉਕੇ
ਤੇ ਉਸਦੇ ਪਰਤਣ ’ਤੇ
ਖੇੜਿਆਂ ਦਾ ਵਰਦਾਨ ਹੁੰਦਾ।
ਪਿੰਡ/ਜਨਗਣਨਾ ਵੀ ਨਹੀਂ ਹੁੰਦਾ
ਇਹ ਤਾਂ ਵੱਖੋ-ਵੱਖਰੇ ਧਰਮਾਂ ਦਾ ਸੰਗਮ
ਜਾਤਾਂ ਤੇ ਮਜ਼੍ਹਬਾਂ ਦਾ ਰਲੇਵਾਂ
ਵਿਭਿੰਨ ਕਿੱਤਿਆਂ ਦੀ ਇਕਸੁਰਤਾ
ਮੋਹ ਦਾ ਵਗਦਾ ਦਰਿਆ
ਅਪਣੱਤ ਦਾ ਜਗਦਾ ਚਿਰਾਗ
ਤੇ ਸਾਂਝ ਦੀ ਸੇਕੀ ਜਾ ਰਹੀ ਧੂਣੀ ਹੁੰਦਾ।
ਪਿੰਡ/ਘਰਾਂ ਤੇ ਗਲੀਆਂ ਦੀ ਨਕਸ਼ਾਕਾਰੀ ਵੀ ਨਹੀਂ
ਸਗੋਂ/ਇਹ ਤਾਂ ਦੀਵਾਲੀ ਦੀ ਜਗਮਗਾਹਟ
ਨਵ-ਜੰਮਿਆਂ ਦੀ ਲੋਹੜੀ
ਧੂਣੀ ਸੇਕਦਾ ਕੋੜਮਾ
ਗੁਰਪੁਰਬ ਮਨਾਉਂਦੀ ਸੰਗਤ
ਵਿਸਾਖੀ ’ਤੇ ਗਾਏ ਢੋਲੇ ਅਤੇ ਮਾਹੀਏ
ਛਿੰਝਾਂ ਤੇ ਖੇਤ ਮੁਕਾਬਲੇ
ਦਰਗਾਹੀਂ ਮੇਲੇ ਤੇ ਜਗਰਾਤੇ ਹੁੰਦਾ।
ਪਿੰਡ/ਕਦੇ ਵੀ ਖੇਤਾਂ ਦੀ ਮੁਰੱਬੇਬੰਦੀ ਨਹੀਂ ਹੁੰਦਾ
ਸਗੋਂ/ਟਿਊਬਵੈੱਲ ਦੀ ਪੈ ਰਹੀ ਧਾਰ
ਚੁਬੱਚੇ ਦੇ ਪਾਣੀਆਂ ਦੀਆਂ ਲਹਿਰਾਂ
ਆੜ ’ਚ ਵਗਦਾ ਪਾਣੀ
ਸਿੰਜੇ ਜਾ ਰਹੇ ਕਿਆਰੇ
ਪੁੰਗਰਦੇ ਬੀਜ/ਲਹਿਰਾਉਂਦੀਆਂ ਫ਼ਸਲਾਂ
ਪੰਛੀਆਂ ਦਾ ਚਹਿਕਣਾ
ਤੇ ਬਿਰਖ਼ਾਂ ’ਚ ਸਰਸਰਾਉਂਦੀ ’ਵਾ ਦਾ ਸੰਗੀਤ ਹੁੰਦਾ।
ਪਿੰਡ/ਸਿਰਫ਼ ਪਿੰਡ ਹੁੰਦਾ
ਪੱਤੀਆਂ ’ਚ ਤਬਦੀਲ ਨਹੀਂ ਹੁੰਦਾ
ਭਾਈਚਾਰਿਆਂ ’ਚ ਟੋਟੇ ਨਹੀਂ ਹੁੰਦਾ
ਅਤੇ ਨਾ ਹੀ ਨਿੱਕੇ ਦਾਇਰਿਆਂ ਦਾ ਹਾਮੀ।
ਪਿੰਡ/ਕਦੇ ਨਹੀਂ ਸੌਂਦਾ
ਸਦਾ ਸਫ਼ਰ ’ਚ ਰਹਿੰਦਾ
ਕਦੇ ਖੇਤ ਤੇ ਕਦੇ ਹਵੇਲੀ
ਕਦੇ ਕੋਰਟ-ਕਚਹਿਰੀ
ਕਦੇ ਡੇਰੇ ਤੇ ਕਦੇ ਮੱਸਿਆ
ਕਦੇ ਮੁਕਾਣ ਤੇ ਕਦੇ ਵਿਆਹ
ਕਦੇ ਵੀਜ਼ਾ ਲੈਣ ਜਾਣਾ
ਤੇ ਕਦੇ ਵਿਦੇਸ਼ ਨੂੰ ਉਡਾਰੀ।
ਪਿੰਡ/ਕਦੇ ਫਿਰਨੀ ਅੰਦਰ ਹੀ ਸੁੰਗੜਿਆ ਹੁੰਦਾ ਸੀ
ਪਰ/ਹੁਣ ਪਿੰਡ ਫਿਰਨੀ ਤੋਂ ਬਾਹਰ ਨਿਕਲ
ਕਸਬਿਆਂ/ਨਗਰਾਂ
ਮਹਾਂ-ਨਗਰਾਂ/ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਫੈਲ ਚੁੱਕਾ ਹੈ।
ਪਿੰਡ ਦੇ ਬਦਲਣ ਨਾਲ ਤਿੜਕ ਜਾਂਦਾ ਏ ਤੁਹਾਡਾ ਤੁਸੱਵਰ ਜਦ ਇਹ ਬਦਲਾਅ ਨਿਵਾਣਾਂ ਵੰਨੀਂ ਜਾਂਦਾ ਹੋਵੇ। ਇਸ ’ਚੋਂ ਤੁਸੀਂ ਰਸਾਤਲ ਨੂੰ ਕਿਆਸ ਸਕਦੇ ਹੋਵੋ ਜਾਂ ਤੁਹਾਨੂੰ ਉਹ ਕੁਝ ਨਾ ਨਜ਼ਰ ਆਉਂਦਾ ਹੋਵੇ ਜਿਸ ਨੂੰ ਮਨ ਵਿੱਚ ਧਾਰ ਕੇ ਪਿੰਡ ਨੂੰ ਮਿਲਣਾ ਚਾਹੁੰਦੇ ਹੋ। ਪਿੰਡ ਤੋਂ ਦੂਰ ਰਹਿੰਦਿਆਂ ਵੀ ਪਿੰਡ ਮੇਰੇ ਅੰਦਰ ਵਸਦਾ ਹੈ, ਧੜਕਦਾ ਹੈ। ਇਸ ਨੂੰ ਕਿਸੇ ਵੀ ਵਕਤ ਵਿਸਾਰਿਆ ਨਹੀਂ ਜਾ ਸਕਦਾ ਕਿਉਂਕਿ ਪਿੰਡ ਉਹ ਜਗ੍ਹਾ ਹੈ ਜਿੱਥੇ ਤੁਹਾਡੀਆਂ ਜੜ੍ਹਾਂ ਨੇ, ਜਿਸ ਕਰਕੇ ਬੰਦਾ ਆਪਣੇ ਮੂਲ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਮੇਰੀ ਤਮੰਨਾ ਹੈ ਕਿ ਪਿੰਡ ਸਦਾ ਚਿਰੰਜੀਵ ਰਹੇ ਅਤੇ ਜਿਉਂਦੀ ਰਹੇ ਇਸ ਨੂੰ ਬਾਰ ਬਾਰ ਮਿਲਣ ਦੀ ਤਮੰਨਾ। ਮੇਰਾ ਤਾਂ ਅਕਸਰ ਹੀ ਜੀਅ ਕਰਦੈ:
ਜੀਅ ਕਰਦੈ! ਸਭ ਛੱਡ ਛੁਡਾ ਕੇ
ਪਿੰਡ ਨੂੰ ਮੈਂ ਉੱਡ ਜਾਵਾਂ
ਫਿਰਨੀ ਦੀ ਇੱਕ ਚੁਟਕੀ ਭਰਕੇ
ਚੁੰਮ ਮੱਥੇ ਨੂੰ ਲਾਵਾਂ
ਇਸ ਦੀਆਂ ਗਲੀਆਂ ਦੇ ਵਿੱਚ ਫਿਰਦਾ
ਉਮਰਾਂ ਨੂੰ ਭੁੱਲ ਜਾਵਾਂ
ਤੇ ਇਸ ਦੀ ਆਬੋ-ਹਵਾ ’ਚ ਗੁੰਮਿਆ
ਰੁੱਸਿਆ ਮਨ ਪਰਚਾਵਾਂ।
ਜੀਅ ਕਰਦੈ! ਘਰ ਦੇ ਦਰਾਂ ’ਤੇ
ਮੱਥਾ ਜਾ ਛੁਹਾਵਾਂ
ਸਦਾ ਸਲਾਮਤ ਰਹੇ ਘਰ ਮੇਰਾ
ਲਾਹੀਆਂ ਸਿਰੋਂ ਬਲਾਵਾਂ
ਇਸ ਦੀ ਪਿਛਲੀ ਕੋਠੜੀ ਵਿੱਚੋਂ
ਦੀਵਾ ਲੱਭ ਲਿਆਵਾਂ
ਤੇ ਇਸ ਦੀ ਕੋਸੀ ਰੌਸ਼ਨੀ ਦੇ ਵਿੱਚ
ਸੁੱਤੇ ਅੱਖਰ ਜਗਾਵਾਂ।
ਚਿੱਤ ਕਰਦੈ! ਬੀਤਿਆ ਜੀਣ ਲਈ
ਵਿੱਚ ਹਵੇਲੀ ਜਾਵਾਂ
ਪੱਠੇ ਕੁਤਰਾਂ ਤੇ ਪਾਣੀ ਡਾਹਵਾਂ
ਤੇ ਖੁਰਲੀਏ ਪੱਠੇ ਪਾਵਾਂ
ਆਟੇ ਦੀ ਮੁੱਠ ਧੂੜ ਤੂੜੀ ’ਤੇ
ਤੋਕੜ ਮੱਝ ਪਸਮਾਵਾਂ
ਤੇ ਜੀਵਨ-ਰੱਤਾ ਇਹ ਚੌਗਿਰਦਾ
ਸਾਹਾਂ ਵਿੱਚ ਰਮਾਵਾਂ।
ਬਹੁਤ ਮਨ ਕਰਦੈ ਨੰਗੇ ਪੈਰੀਂ
ਖੇਤੀਂ ਗੇੜਾਂ ਲਾਵਾਂ
ਆੜ ’ਚ ਵਗਦਾ ਪਾਣੀ ਪੀਵਾਂ
ਗਾਜਰ ਪੁੱਟ ਕੇ ਖਾਵਾਂ
ਖੂਹ ’ਤੇ ਵੱਸਦੀਆਂ ਸੱਤੇ ਨਿਆਮਤਾਂ
ਹੰਢਾਵਾਂ ਤੇ ਲਰਜ਼ਾਵਾਂ
ਤੇ ਖੇਤਾਂ ਵਿੱਚ ਵਸਦੇ ਰੱਬ ਦੇ
ਦਰਸ਼ਨ ਕਰਕੇ ਆਵਾਂ।
ਜੀਅ ਕਰਦੈ! ਚੌਂਕੇ ਬੈਠੀ ਮਾਂ ਦੀਆਂ
ਲਹਿੰਦਿਆਂ ਰੋਟੀਆਂ ਖਾਵਾਂ
ਕਦੇ ਆਟੇ ਦੀ ਚਿੜੀ ਨਾਲ ਪਰਚਾਂ
ਜਦ ਰੋਂਦੂ ਮੂੰਹ ਬਣਾਵਾਂ
ਝਿੜਕੇ ਬਾਪ ਤਾਂ ਚੁੱਪ ਕਰ ਜਾਵਾਂ
ਸਹਿਮਾਂ ਤੇ ਪਛਤਾਵਾਂ
ਤੇ ਮਾਪਿਆਂ ਦੀ ਰਹਿਬਰੀ ਦੇ ਵਿੱਚ
ਖ਼ੁਦ ਨੂੰ ਮੁੜ ਉਲਥਾਵਾਂ।
ਮਨ ਕਰਦੈ! ’ਕੇਰਾਂ ਛੱਤ ’ਤੇ ਸੌਵਾਂ
ਤੇ ਚੁੱਪ ਨੂੰ ਸੀਨੇ ਲਾਵਾਂ
ਅੰਬਰ ਦਾ ਮੈਂ ਭਰ ਕਲਾਵਾ
ਆਪਣੇ ਕੋਲ ਬੈਠਾਵਾਂ
ਤਾਰਿਆਂ ਦੀ ਸਜੀ ਮਹਿਫ਼ਲੇ
ਗੀਤ ਚਾਨਣ ਦੇ ਗਾਵਾਂ
ਤੇ ਰਾਤ ਦੀ ਪਾਕ ਫ਼ਿਜ਼ਾ ਦੇ ਵਿੱਚ
ਖ਼ੁਦ ਨਗ਼ਮਾ ਬਣ ਜਾਵਾਂ।
ਪਰ/ਕੈਲੰਡਰ ਦੇ ਵਿੱਚ ਸਿਮਟੀ ਜ਼ਿੰਦਗੀ
ਤਰੀਕਾਂ ਵਿੱਚ ਲੰਘਾਵਾਂ
ਚੇਤੇ ਰਿਹਾ ਨਾ ਖੁੱਲ੍ਹਾ ਅੰਬਰ
ਭੁੱਲੀਆਂ ਪਿੰਡ ਦੀਆਂ ਰਾਹਵਾਂ
ਪਾਕ ਮੁਹੱਬਤ ਤੇ ਖੂਨ ਦੇ ਰਿਸ਼ਤੇ
ਹਿੱਕ ਦੇ ਵਿੱਚ ਦਫ਼ਨਾਵਾਂ
ਤੇ ਕਬਰਾਂ ਜੇਹਾ ਮੈਂ ਨਿਕਰਮਾ
ਕੀਕਣ ਪਿੰਡ ਨੂੰ ਜਾਵਾਂ।
ਪਿਛਲੇ ਪੰਜਾਹ ਸਾਲਾਂ ਵਿੱਚ ਇੰਨਾ ਬਦਲ ਚੁੱਕਾ ਹੈ ਕਿ ਹੁਣ ਪਿੰਡ ਬੇਪਛਾਣ ਹੋ ਗਿਆ। ਮੈਂ ਤਾਂ ਚਾਹੁੰਦਾ ਸਾਂ ਕਿ ਪਿੰਡ ਜ਼ਰੂਰ ਬਦਲਦਾ ਜਿਸ ’ਤੇ ਵਕਤ ਨੂੰ ਨਾਜ਼ ਹੁੰਦਾ। ਪਰ ਪਿੰਡ ਜਿਹੜਾ ਸਦਾ ਜਾਗਦਾ ਸੀ ਅਤੇ ਜਵਾਕਾਂ ਦੇ ਨੈਣਾਂ ਵਿੱਚ ਸੁਪਨੇ ਧਰਦਾ ਸੀ, ਉਸੀ ਪਿੰਡ ਦੇ ਜਵਾਕਾਂ ਦੇ ਸੁਪਨੇ ਅੱਜ ਕੱਲ੍ਹ ਸਿਉਂਕੇ ਹੋਏ ਨੇ।
ਕਦੇ ਸਮਾਂ ਸੀ ਜਦ ਪਿੰਡ ਵਿੱਚ ਕਿਸੇ ਨੇ ਉਚੇਰੀ ਪੜ੍ਹਾਈ ਕਰਨੀ ਜਾਂ ਚੰਗੀ ਨੌਕਰੀ ’ਤੇ ਲੱਗਣਾ ਤਾਂ ਸਾਰਾ ਪਿੰਡ ਉਸ ਨੂੰ ਵਧਾਈਆਂ ਦਿੰਦਾ ਸੀ। ਮਾਪੇ ਆਪਣੇ ਬੱਚਿਆਂ ਨੂੰ ਉਸ ਦੀ ਉਦਾਹਰਨ ਦਿੰਦੇ, ਚੰਗੀ ਵਿਦਿਆ ਹਾਸਲ ਕਰਨ ਅਤੇ ਵਧੀਆਂ ਮਨੁੱਖ ਬਣਨ ਲਈ ਪ੍ਰੇਰਿਤ ਕਰਦੇ ਸਨ। ਯਾਦ ਹੈ ਭਾਈ ਰਤਨ ਸਿੰਘ ਅਕਸਰ ਮੇਰੇ ਸਮੇਤ ਕਾਲਜ ਜਾਣ ਵਾਲੇ ਪੜ੍ਹਾਕੂਆਂ ਨੂੰ ਪੁੱਛਦੇ ਰਹਿੰਦੇ ਕਿ ਪੜ੍ਹਾਈ ਕਿਵੇਂ ਚੱਲ ਰਹੀ ਹੈ ਤੇ ਅੱਗੇ ਕੀ ਕਰਨ ਦਾ ਵਿਚਾਰ ਹੈ? ਸਾਡੇ ਮਾਪੇ ਤਾਂ ਅਨਪੜ੍ਹ ਸਨ, ਪਰ ਕਿਉਂਕਿ ਉਸ ਦਾ ਇਕ ਪੁੱਤ ਆਰਮੀ ਵਿੱਚ ਅਫ਼ਸਰ ਅਤੇ ਦੂਸਰਾ ਆਈਏਐੱਸ ਬਣ ਗਿਆ ਸੀ। ਇਸ ਲਈ ਉਸ ਦੀਆਂ ਪਿੰਡ ਦੇ ਜੁਆਕਾਂ ਪ੍ਰਤੀ ਸ਼ੁਭ ਭਾਵਨਾਵਾਂ ਹੀ ਸਨ ਕਿ ਉਹ ਬੱਚਿਆਂ ਦੀ ਪੜ੍ਹਾਈ ਪ੍ਰਤੀ ਫ਼ਿਕਰਮੰਦ ਅਤੇ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ।
ਇਹ ਪਿੰਡ ਦੇ ਭਾਈਚਾਰੇ ਦੀ ਵਡੱਤਣ ਹੀ ਸੀ ਕਿ ਉਨ੍ਹਾਂ ਲਈ ਸਾਰੇ ਬੱਚੇ ਸਾਂਝੇ ਹੁੰਦੇ ਸਨ। ’ਕੇਰਾਂ ਮੈਂ ਸੁਵੱਖਤੇ ਹੀ ਖੂਹ ਤੋਂ ਪੱਠੇ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਸ਼ਰੀਕੇ ਵਿੱਚ ਲੱਗਦੀ ਚਾਚੀ ਨੇ ਪੁੱਛਿਆ ਕਿ ਤੂੰ ਸਕੂਲੇ ਕਿਉਂ ਨਹੀਂ ਗਿਆ? ਜਦ ਮੈਂ ਦੱਸਿਆ ਕਿ ਅੱਜ ਮੇਰਾ ਪੇਪਰ ਹੈ। ਪੱਠੇ ਘਰ ਸੁੱਟ ਕੇ ਫਿਰ ਸਕੂਲ ਜਾਣਾ ਹੈ ਤਾਂ ਉਸ ਦੀ ਸਲਾਹ ਸੀ ਕਿ ਦਹੀਂ ਖਾ ਕੇ ਪੇਪਰ ਦੇਣ ਜਾਵੀਂ, ਪੇਪਰ ਬਹੁਤ ਵਧੀਆ ਹੋਵੇਗਾ। ਅਜਿਹੀ ਨੇਕ ਸੋਚ ਅੱਜ ਪਿੰਡ ਦੇ ਚੌਗਿਰਦੇ ਵਿੱਚੋਂ ਗੁੰਮ ਹੋ ਚੁੱਕੀ ਹੈ। ਕਿਸੇ ਬੱਚੇ ਨੂੰ ਕੁਸੰਗਤ ਵਿੱਚ ਪਾਉਣ ਲਈ ਗੁਆਂਢੀ ਹਰ ਹੀਲਾ ਵਰਤਦੇ, ਪਰ ਸੁਮੱਤ ਦੇਣਾ ਉਨ੍ਹਾਂ ਦੀ ਸੋਚ ਵਿੱਚ ਸ਼ਾਮਲ ਨਹੀਂ।
ਪਿੰਡ ਦਾ ਹਰ ਵਿਅਕਤੀ ਬੱਚਿਆਂ ਨੂੰ ਗ਼ਲਤ ਕੰਮ ਕਰਨ ਤੋਂ ਝਿੜਕ ਸਕਦਾ ਸੀ। ਬੱਚਿਆਂ ਵਿੱਚ ਬਜ਼ੁਰਗਾਂ ਪ੍ਰਤੀ ਇੰਨਾ ਡਰ ਹੁੰਦਾ ਸੀ ਕਿ ਉਹ ਕੁਝ ਵੀ ਅਜਿਹਾ ਨਹੀਂ ਕਰਦੇ ਸਨ ਜਿਸ ਨਾਲ ਪਰਿਵਾਰ ਜਾਂ ਪਿੰਡ ਦੀ ਬਦਨਾਮੀ ਹੁੰਦੀ ਹੋਵੇ। ਪਰ ਪਿੰਡ ਹੁਣ ਅਜਿਹਾ ਨਹੀਂ ਰਿਹਾ। ਜੁਆਕ ਤਾਂ ਬਜ਼ੁਰਗਾਂ ਨੂੰ ਕੀ, ਉਹ ਤਾਂ ਆਪਣੇ ਮਾਪਿਆਂ ਦੀਆਂ ਮੱਤਾਂ ਮੰਨਣ ਤੋਂ ਮੁਨਕਰ ਹਨ। ਇਸ ਮੁਨਕਰੀ ਦਾ ਹੀ ਸਿੱਟਾ ਕਿ ਪਿੰਡ ਦੇ ਜੁਆਕ ਜਾਂ ਤਾਂ ਨਸ਼ਿਆਂ ਵਿੱਚ ਗਲਤਾਨ ਹੋ ਕੇ ਸੋਨੇ ਵਰਗੀਆਂ ਦੇਹਾਂ ਗਾਲ਼ ਰਹੇ ਹਨ ਜਾਂ ਉਨ੍ਹਾਂ ਦੀ ਪੜ੍ਹਾਈ ਦਾ ਮਿਆਰ ਸਿਰਫ਼ ਆਈਲੈਟਸ ਤੀਕ ਹੀ ਸੁੰਗੜ ਗਿਆ ਹੈ। ਸ਼ਾਇਦ ਹੀ ਪਿੰਡ ਦੇ ਕਿਸੇ ਜੁਆਕ ਨੂੰ ਪਤਾ ਹੋਵੇ ਕਿ ਪਿੰਡ ਦੇ ਕਿੰਨੇ ਨੌਜਵਾਨਾਂ ਨੇ ਉੱਚੇ ਰੁਤਬੇ ਹਾਸਲ ਕੀਤੇ ਜਾਂ ਉਹ ਮੱਲਾਂ ਮਾਰਨ ਵਾਲਿਆਂ ਨੂੰ ਜਾਣਦੇ ਜਾਂ ਪਛਾਣਦੇ ਹੋਣ।
ਪਿੰਡ, ਤੈਨੂੰ ਤਾਂ ਯਾਦ ਹੀ ਹੋਣਾ ਕਿ ਖੂਹਾਂ ਦੇ ਅੰਮ੍ਰਿਤ ਵਰਗੇ ਪਾਣੀਆਂ ਵਿੱਚ ਜ਼ਿੰਦਗੀ ਧੜਕਦੀ ਸੀ, ਜਦ ਕਿ ਅੱਜਕੱਲ੍ਹ ਮੌਤ ਨਾਲ ਮੰਤਰਿਆ ਪਾਣੀ ਲੋਕ ਪੀਣ ਲਈ ਮਜਬੂਰ ਹਨ। ਦੇਸੀ ਕਣਕ ਦਾ ਖਰਾਸ ਨਾਲ ਪੀਸੇ ਆਟੇ ਨਾਲ ਕਦੇ ਗਲੂਟੋਨ ਦਾ ਫ਼ਿਕਰ ਨਹੀਂ ਸੀ ਕਰੀਦਾ। ਦੇਸੀ ਕਮਾਦ ਦੇ ਗੁੜ ਖਾਂਦਿਆਂ ਕਦੇ ਸ਼ੂਗਰ ਨਹੀਂ ਸੀ ਹੋਈ, ਪਰ ਹੁਣ ਖੰਡ ਖਾਂਦਿਆਂ ਸ਼ੂਗਰ ਹੋਣ ਦਾ ਡਰ ਮਨਾਂ ਵਿੱਚ ਬੈਠ ਚੁੱਕਾ। ਤੇਰੇ ਚੌਗਿਰਦੇ ਵਿੱਚ ਬਾਸਮਤੀ ਦੀ ਮਹਿਕ ਫੈਲਦੀ ਸੀ, ਪਰ ਅਜੋਕੇ ਝੋਨੇ ਦੀ ਕੇਹੀ ਪਿਰਤ ਪਈ ਕਿ ਤੂੰ ਆਪਣੀ ਮਿੱਟੀ ਵੀ ਜ਼ਹਿਰੀਲੀ ਕਰ ਲਈ ਤੇ ਪਾਣੀ ਵੀ ਮੁਕਾ ਲਿਆ। ਖੂਹ ਦੀਆਂ ਟਿੰਡਾਂ ਵਿੱਚੋਂ ਬੁੱਕਾਂ ਨਾਲ ਪਾਣੀ ਪੀਣ ਵਾਲੇ ਹੁਣ ਬੋਤਲਬੰਦ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਤੂੰ ਤਾਂ ਭੋਲਾ-ਭਾਲਾ ਸੈਂ। ਤੂੰ ਇਸ ਚਾਲ ਨੂੰ ਸਮਝ ਨਾ ਸਕਿਆ ਅਤੇ ਇਸ ਮੱਕੜੀ-ਜਾਲ ਵਿੱਚ ਕੇਹਾ ਉਲਝਿਆ ਕਿ ਤੂੰ ਆਪਣੀ ਸਿਹਤ ਵੀ ਵਿਗਾੜ ਲਈ ਤੇ ਆਪਣਾ ਸਮੁੱਚ ਵੀ। ਹੁਣ ਤੇਰੇ ਪੱਲੇ ਵਿੱਚ ਸਿਰਫ਼ ਬਿਮਾਰੀਆਂ। ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵਿੱਚ ਘਿਰੇ ਦੀ ਹੁਣ ਨਹੀਂ ਕੋਈ ਪੁੱਛਦਾ ਤੇਰੀ ਬਾਤ। ਹਾਕਮਾਂ ਦੇ ਚੇਤਿਆਂ ਵਿੱਚੋਂ ਗਵਾਚ ਗਈ ਹੈ ਤੇਰੀ ਔਕਾਤ ਕਿ ਤੇਰੀ ਕਿਹੜੀ ਆ ਜਾਤ। ਹਨੇਰੇ ਵਿੱਚ ਗੁਆਚੇ ਮੇਰੇ ਪਿੰਡ, ਹੁਣ ਕਦੋਂ ਉੱਗੇਗੀ ਪ੍ਰਭਾਤ ਅਤੇ ਮੁੱਕੇਗੀ ਇਹ ਸਾਹ-ਪੀਣੀ ਰਾਤ, ਕੁਝ ਸਮਝ ਨਹੀਂ ਆਉਂਦਾ।
ਮੇਰੇ ਪਿਆਰੇ ਪਿੰਡ, ਉਸ ਸਮੇਂ ਘਰ ਕੱਚੇ ਸਨ, ਪਰ ਪਰਿਵਾਰਕ ਸਬੰਧ ਬਹੁਤ ਪੱਕੇ ਹੁੰਦੇ ਸਨ। ਘਰ ਨਿੱਕੇ ਸੀ, ਪਰ ਘਰਵਾਲੇ ਬਹੁਤ ਵੱਡੇ ਲੋਕ ਹੁੰਦੇ ਸਨ। ਹੁਣ ਘਰ ਤਾਂ ਵੱਡੇ ਬਣ ਗਏ, ਪਰ ਬੌਣੇ ਲੋਕ ਰਹਿੰਦੇ ਨੇ ਇਨ੍ਹਾਂ ਘਰਾਂ ’ਚ। ਉਸ ਸਮੇਂ ਘਰ ਇਕਹਿਰੇ ਸਨ, ਪਰ ਭਰੇ-ਭਕੁੰਨੇ। ਹੁਣ ਘਰ ਦੀ ਬਜਾਏ ਬਹੁ-ਮੰਜ਼ਲੀ ਕੋਠੀਆਂ ਉਸਰ ਗਈਆਂ ਨੇ, ਪਰ ਉਹ ਖਾਲੀ ਭਾਂ ਭਾਂ ਕਰਦੀਆਂ। ਸਿਰਫ਼ ਕੁਝ ਕੁ ਦਰਾਂ ਵਿੱਚ ਬੈਠੇ ਬਜ਼ੁਰਗ ਮਾਪੇ, ਪ੍ਰਦੇਸੀ ਬੱਚਿਆਂ ਨੂੰ ਉਡੀਕਦੇ, ਕਬਰਾਂ ਨੂੰ ਜਾਣ ਲਈ ਕਾਹਲੇ।
ਮੇਰੇ ਪਿੰਡ, ਉਸ ਸਮੇਂ ਨੰਗੇ ਪੈਰੀਂ ਅਤੇ ਮੋਢੇ ’ਤੇ ਬੋਰੀ ਧਰੀ ਸਕੂਲ ਜਾਂਦੇ ਬੱਚਿਆਂ ਦੇ ਸੁਪਨੇ ਬਹੁਤ ਵੱਡੇ ਸਨ। ਉਨ੍ਹਾਂ ਵਿੱਚੋਂ ਕੋਈ ਪ੍ਰੋਫੈਸਰ, ਕੋਈ ਮੁੱਖ-ਅਧਿਆਪਕ, ਕੋਈ ਇੰਜੀਨੀਅਰ, ਕੋਈ ਡਾਕਟਰ, ਕੋਈ ਫ਼ੌਜੀ ਅਫ਼ਸਰ ਤੇ ਕੋਈ ਆਈਏਐੱਸ ਅਫ਼ਸਰ ਬਣਿਆ। ਨੰਗੇ ਪੈਰੀਂ ਖੇਡ-ਮੈਦਾਨਾਂ ਵਿੱਚ ਖੇਡਣ ਵਾਲਿਆਂ ਵਿੱਚੋਂ ਹੀ ਕਈ ਅਰਜਨ ਐਵਾਰਡੀ ਬਣੇ। ਕਿਸੇ ਨੇ ਕਬੱਡੀ ਵਿੱਚ ਮੱਲਾਂ ਮਾਰੀਆਂ ਅਤੇ ਕੋਈ ਪੰਜਾਬ ਪੱਧਰ ਦਾ ਭਲਵਾਨ ਬਣਿਆ। ਪਰ ਅੱਜਕੱਲ੍ਹ ਬੱਚਿਆਂ ਦੇ ਕੋਲ ਵਧੀਆ ਡਰੈਸਾਂ, ਚੰਗੇ ਸਕੂਲ ਅਤੇ ਸੁੱਖ ਸਹੂਲਤਾਂ ਤਾਂ ਹਨ, ਪਰ ਉੱਚੇ ਰੁਤਬਿਆਂ ’ਤੇ ਪਹੁੰਚਣ ਵਾਲੇ ਤਾਂ ਉਂਗਲਾਂ ਦੀ ਗਿਣਤੀ ਤੋਂ ਵੀ ਘੱਟ।
ਉਹ ਵੀ ਕੇਹਾ ਸਮਾਂ ਸੀ ਕਿ ਨਿੱਕੇ-ਨਿੱਕੇ ਦਾਇਰਿਆਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਮਾਨਸਿਕ ਅੰਬਰ ਬਹੁਤ ਵਿਸ਼ਾਲ ਸੀ। ਉਨ੍ਹਾਂ ਦੀ ਪਰਵਾਜ਼ ਤੇ ਅੰਦਾਜ਼ ਵੀ ਨਿਵੇਕਲਾ ਸੀ। ਉਨ੍ਹਾਂ ਨੇ ਆਪਣੇ ਹਿੱਸੇ ਦਾ ਅਸਮਾਨ ਵੀ ਖ਼ੁਦ ਤਲਾਸ਼ਿਆ ਅਤੇ ਆਪਣੀ ਪਰਵਾਜ਼ ਨੂੰ ਨਵਾਂ ਅੰਜ਼ਾਮ ਵੀ ਦਿੱਤਾ। ਪਰ ਹੁਣ ਵਿਸ਼ਵ-ਪਿੰਡ ਵਿੱਚ ਰਹਿਣ ਵਾਲੇ ਬੱਚਿਆਂ ਦਾ ਅੰਬਰ ਵੀ ਸੁੰਗੜ ਗਿਆ। ਪਰਵਾਜ਼ ਵੀ ਨਿੱਕੀ ਜਿਹੀ ਅਤੇ ਨਿੱਕੀਆਂ ਵਲਗਣਾਂ ਵਿੱਚ ਹੀ ਜੀਵਨ ਦੇ ਅਨਮੋਲ ਪਲਾਂ ਨੂੰ ਗਵਾ ਦਿੰਦੇ ਨੇ ਜਿਨ੍ਹਾਂ ਵਿੱਚ ਨਰੋਆ ਅਤੇ ਵਿਲੱਖਣ ਸਿਰਜਿਆ ਜਾ ਸਕਦਾ ਹੈ।
ਬੱਚਿਆਂ ਕੋਲ ਸੁੱਖ ਸਹੂਲਤਾਂ ਨਹੀਂ ਸਨ ਹੁੰਦੀਆਂ, ਪਰ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਨਾਲ ਸਭ ਕੁਝ ਪ੍ਰਾਪਤ ਕੀਤਾ। ਪਰ ਅਜੋਕਾ ਨੌਜਵਾਨ ਸਿਰਫ਼ ਸੁੱਖ-ਸਹੂਲਤਾਂ ਦਾ ਗ਼ੁਲਾਮ ਬਣ ਗਿਆ ਏ। ਸਾਡੇ ਸਮਿਆਂ ਵਿੱਚ ਤੁਰ ਕੇ ਲੰਮੇਂ ਲੰਮੇਂ ਪੈਂਡੇ ਤੈਅ ਕਰ ਲਿਆ ਕਰਦੇ ਸਾਂ, ਪਰ ਹੁਣ ਕਾਰਾਂ ਮੋਟਰਾਂ ਹੋਣ ਦੇ ਬਾਵਜੂਦ ਸਾਡੇ ਰਿਸ਼ਤੇ ਸਾਥੋਂ ਦੂਰ ਚਲੇ ਗਏ ਨੇ ਅਤੇ ਉਨ੍ਹਾਂ ਨੂੰ ਮਿਲਣ ਲਈ ਸਾਡੇ ਕੋਲੋਂ ਵਿੱਥ ਹੀ ਪੂਰ ਹੁੰਦੀ। ਉਸ ਸਮੇਂ ਦੂਰੀਆਂ ਸੁੰਗੜ ਜਾਂਦੀਆਂ ਸਨ, ਪਰ ਅੱਜਕੱਲ੍ਹ ਫਾਸਲੇ ਪਲ ਪਲ ਵਧ ਰਹੇ ਹਨ।
ਪਿੰਡ, ਤੈਨੂੰ ਤਾਂ ਯਾਦ ਹੋਣਾ ਕਿ ਸਾਡੇ ਸਮਿਆਂ ਵਿੱਚ ਨਲਕਿਆਂ, ਖੂਹਾਂ, ਆੜਾਂ ਅਤੇ ਨਾਲਿਆਂ ਦਾ ਪਾਣੀ ਪੀਂਦਿਆ ਪਿਆਸ ਮਿਟਾ ਲਈਦੀ ਸੀ ਅਤੇ ਕਦੇ ਪੇਟ ਦਰਦ ਨਹੀਂ ਸੀ ਹੋਇਆ। ਅੱਜਕੱਲ੍ਹ ਫਿਲਟਰ ਜਾਂ ਬੋਤਲਾਂ ਦਾ ਪਾਣੀ ਪੀਂਦਿਆਂ ਵੀ ਡਰਦੇ ਰਹੀਦਾ ਕਿ ਕਿਤੇ ਪੇਟ ਨਾ ਖ਼ਰਾਬ ਹੋ ਜਾਵੇ। ਕਿਆਰੀ ਵਿੱਚੋਂ ਮੂਲੀਆਂ ਪੁੱਟ ਕੇ ਖਾਣਾ, ਖੂਹ ’ਤੇ ਛੱਲੀਆਂ ਭੁੰਨ ਕੇ ਚੱਬਣਾ ਜਾਂ ਮੂੰਗਫਲੀ ਨੂੰ ਧੂਣੀ ਬਾਲ ਕੇ ਭੁੰਨਣਾ ਅਤੇ ਹੱਥ ਤੇ ਮੂੰਹ ਨੂੰ ਲਬੇੜ ਕੇ ਅਨੰਤ ਖੁਸ਼ੀ ਹੁੰਦੀ ਸੀ। ਪਰ ਅਜੋਕੇ ਬੱਚਿਆਂ ਨੂੰ ਸਾਫ਼-ਸਫ਼ਾਈ ਦਾ ਕੇਹਾ ਜਿੰਨ ਚੰਬੜਿਆ ਕਿ ਉਨ੍ਹਾਂ ਦਾ ਬਚਪਨਾ ਹੀ ਗੁਆਚ ਗਿਆ ਹੈ। ਕਿੰਨੇ ਕੁ ਬੱਚੇ ਨੇ ਜੋ ਮਾਪਿਆਂ ਨਾਲ ਜ਼ਿੱਦ ਕਰਦਿਆਂ ਮਿੱਟੀ ’ਚ ਲਿਟਦੇ ਨੇ ਜਾਂ ਮਿੱਟੀ ਵਿੱਚ ਖੇਡਦੇ ਨੇ। ਤਾਂ ਹੀ ਨਵੀਂ ਪੀੜ੍ਹੀ ਐਲਰਜ਼ੀ ਦਾ ਸ਼ਿਕਾਰ ਹੋ ਰਹੀ ਹੈ।
ਸਾਡੇ ਸਮਿਆਂ ਵਿੱਚ ਮਾਪੇ ਅਨਪੜ੍ਹ ਸਨ, ਪਰ ਉਨ੍ਹਾਂ ਨੂੰ ਜ਼ਿੰਦਗੀ ਦੀ ਪੂਰਨ ਸਮਝ ਸੀ। ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਅਹਿਮੀਅਤ ਸਮਝਦੇ ਸਨ ਕਿਉਂਕਿ ਉਹ ਆਪ ਸਕੂਲੀ ਵਿਦਿਆ ਤੋਂ ਵਿਰਵੇ ਰਹਿ ਗਏ ਸਨ। ਪਰ ਅੱਜਕੱਲ੍ਹ ਦੇ ਮਾਪੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੱਚਿਆਂ ਨੂੰ ਸੁਪਨੇ ਦੇਣ ਤੋਂ ਅਸਮਰੱਥ ਹਨ। ਸਾਡੇ ਸਮਿਆਂ ਵਿੱਚ ਬੱਚੇ, ਮਾਪਿਆਂ ਅਤੇ ਪਰਿਵਾਰ ਦੀ ਪਛਾਣ ਬਣਦੇ ਸਨ ਜਿਨ੍ਹਾਂ ’ਤੇ ਪਰਿਵਾਰ ਤੇ ਸਮਾਜ ਨੂੰ ਨਾਜ਼ ਹੁੰਦਾ ਸੀ, ਪਰ ਅਜੋਕੇ ਬੱਚੇ ਕੇਹੀ ਪਛਾਣ ਸਿਰਜ ਰਹੇ ਕਿ ਮੇਰਾ ਪਿੰਡ ਹੀ ਨਮੋਸ਼ੀ ਹੰਢਾ ਰਿਹਾ ਏ।
ਪਿੰਡ, ਤੂੰ ਤਾਂ ਭਲੀ-ਭਾਂਤ ਜਾਣਦਾਂ ਕਿ ਸਾਡੇ ਸਮਿਆਂ ਵਿੱਚ ਕੁਝ ਦਿਨ ਪਿੰਡ ਤੋਂ ਬਾਹਰ ਰਹਿਣ ’ਤੇ ਪਿੰਡ ਨੂੰ ਪਰਤਣ ਦਾ ਚਾਅ ਹੁੰਦਾ ਸੀ, ਪਰ ਹੁਣ ਕੇਹਾ ਵਕਤ ਆ ਗਿਆ ਕਿ ਪਿੰਡ ਨੂੰ ਮੁੜਨ ਲੱਗਿਆਂ ਵੀ ਡਰ ਲੱਗਦਾ। ਹੁਣ ਤਾਂ ਆਪਣੇ ਹੀ ਆਪਣਿਆਂ ਲਈ ਕਬਰਾਂ ਪੁੱਟ ਰਹੇ ਅਤੇ ਆਪਣੇ ਖੇਤ ਹੀ ਬਲਦੇ ਸਿਵਿਆਂ ਵਰਗੇ। ਨਿੱਜੀ ਲਾਲਚ ਦੀ ਹਵਸ ਨੇ ਰਿਸ਼ਤਿਆਂ ਨੂੰ ਹੜੱਪ ਕਰ ਲਿਆ ਏ। ਲਹੂ, ਹੀ ਆਪਣੇ ਲਹੂ ਨੂੰ ਪੀਣ ਲਈ ਕਾਹਲਾ। ਘਰ ਦੀਆਂ ਕੰਧਾਂ ਹੀ ਚੁਗਲੀਆਂ ਕਰਨ ਲੱਗ ਪੈਣ ਤਾਂ ਦੱਸੀਂ! ਘਰਾਂ ਵਾਲੇ ਕਿੰਝ ਘਰਾਂ ਨੂੰ ਪਰਤਣਗੇ? ਉਹ ਪਿੰਡ ਨੂੰ ਮਿਲਣ ਦੀ ਲਲ੍ਹਕ ਨੂੰ ਸੀਨੇ ਵਿੱਚ ਦਫ਼ਨ ਕਰ ਸਿਰਫ਼ ਹਿਰਸ ਦੀ ਧੁਖਦੀ ਧੂਣੀ ਬਾਲੀ ਰੱਖਣਗੇ ਕਿ ਕਾਸ਼! ਉਹ ਪਿੰਡ ਜਾ ਸਕਦੇ।
ਪਿੰਡ, ਤੂੰ ਜ਼ਰੂਰ ਬਦਲਦਾ, ਪਰ ਇੰਝ ਬਦਲਦਾ ਕਿ ਤੇਰੀ ਆਤਮਾ ਜਿਉਂਦੀ ਰਹਿੰਦੀ। ਤੇਰੀ ਰੂਹ ਵਿੱਚ ਆਪਣਿਆਂ ਪ੍ਰਤੀ ਮੋਹ ਅਤੇ ਮੁਹੱਬਤ ਦਾ ਦੀਵਾ ਜਗਦਾ ਰਹਿੰਦਾ। ਤੇਰੀ ਧੜਕਣ ਵਿੱਚ ਜ਼ਿੰਦਗੀ ਦਾ ਗੀਤ ਗੂੰਜਦਾ ਰਹਿੰਦਾ ਅਤੇ ਤੈਥੋਂ ਦੂਰ ਤੁਰ ਗਏ ਸਦਾ ਹੀ ਤੇਰੀਆਂ ਦੁਆਵਾਂ ਵਿੱਚ ਰਹਿੰਦੇ। ਤੂੰ ਹੀ ਤਾਂ ਸਾਨੂੰ ਆਪਣੀਆਂ ਦੁਆਵਾਂ ਨਾਲ ਪਰ ਦਿੱਤੇ ਸਨ ਅਤੇ ਤੇਰੀਆਂ ਦੁਆਵਾਂ ਦੀ ਸਾਨੂੰ ਹਮੇਸ਼ਾਂ ਹੀ ਲੋੜ ਸੀ। ਪਰ ਹੁਣ ਤੇਰੇ ਵੱਲੋਂ ਬਦ-ਦੁਆਵਾਂ ਦੀ ਜਿਹੜੀ ਹਵਾ ਸਾਡੇ ਵੱਲ ਆ ਰਹੀ ਹੈ, ਇਹ ਬਹੁਤ ਪੀੜਤ ਕਰ ਰਹੀ ਹੈ।
ਪਿੰਡ, ਜੀਅ ਬਹੁਤ ਕਰਦਾ ਏ ਤੈਨੂੰ ਮਿਲਣ ਲਈ, ਪਰ ਜੇਕਰ ਤੂੰ ਆਪਣੇ ਮੁੱਢਲੇ ਸਰੂਪ ਵਿੱਚ ਪਰਤ ਜਾਵੇਂ। ਅਜਿਹਾ ਅਜੋਕੇ ਦੌਰ ਵਿੱਚ ਸੰਭਵ ਨਹੀਂ ਹੋਣਾ। ਇੱਕ ਹਉਕਾ ਲੈ ਕੇ ਤੇ ਆਪਣਾ ਮਰਸੀਆ ਪੜ੍ਹਦਿਆਂ ਹੀ ਸਦਾ ਲਈ ਤੁਰ ਜਾਣਾ ਕਿ ਮੈਂ ਆਪਣੇ ਪਿੰਡ ਨੂੰ ਉਸ ਰੂਪ ਵਿੱਚ ਨਾ ਮਿਲ ਸਕਿਆ ਜਿਸ ਰੂਪ ਵਿੱਚ ਮੈਂ ਸੱਤਰਵਿਆਂ ਵਿੱਚ ਪਿੰਡ ਤੋਂ ਪਰਵਾਜ਼ ਭਰੀ ਸੀ।
ਤਰਲਾ ਈ ਮੇਰੇ ਪਿੰਡ! ਆਪਣੀਆਂ ਅਸੀਸਾਂ ਅਤੇ ਸ਼ੁਭ-ਭਾਵਨਾਵਾਂ ਦਾ ਚੰਦੋਆ ਸਾਡੇ ਸਿਰਾਂ ’ਤੇ ਤਾਣੀਂ ਰੱਖ। ਫਿਰ ਮੈਂ ਤੈਨੂੰ ਮਿਲਣ ਜ਼ਰੂਰ ਆਵਾਂਗਾ ਕਿਉਂਕਿ ਮੇਰਾ ਬਹੁਤ ਜੀਅ ਕਰਦਾ ਹੈ ਤੈਨੂੰ ਮਿਲਣ ਲਈ। ਆ ਆਪਾਂ ਮਿਲੀਏ। ਮਿਲ ਕੇ ਦੁੱਖ-ਸੁੱਖ ਸਾਝਾਂ ਕਰੀਏ ਅਤੇ ਅਜੋਕੇ ਦੌਰ ਦੇ ਭਵ-ਸਾਗਰ ਨੂੰ ਆਪਸੀ ਇਕਸੁਰਤਾ, ਇਕਾਗਰਤਾ ਨਾਲ ਤਰੀਏ।
(ਲੇਖਕ ਅਮਰੀਕਾ ਰਹਿੰਦਾ ਹੈ)
News Source link
#ਆ #ਪਡ #ਆਪ #ਮਲਏ