ਅੰਮ੍ਰਿਤਸਰ ਨੇੜੇ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ’ਚ ਧਮਾਕਾ, ਸੱਤ ਜ਼ਖ਼ਮੀ – Punjabi Tribune

0
167


ਅੰਮ੍ਰਿਤਸਰ, 2 ਸਤੰਬਰ

ਪੰਜਾਬ ਦੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਇਕ ਮਕਾਨ ’ਚ ਚੱਲ ਰਹੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅੰਮ੍ਰਿਤਸਰ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੂਰ ਜੰਡਿਆਲਾ ਸ਼ਹਿਰ ਦੇ ਨਾਗਲ ਗੁਰੂ ਪਿੰਡ ਵਿੱਚ ਐਤਵਾਰ ਸ਼ਾਮ ਨੂੰ ਵਾਪਰੀ। ਘਰ ਦੇ ਅੰਦਰ ਪਟਾਕੇ ਬਣਾਉਣ ਲਈ ਇਸਤੇਮਾਲ ਹੋਣ ਵਾਲੀ ਸਮੱਗਰੀ ਭਾਰੀ ਮਾਤਰਾ ਵਿੱਚ ਰੱਖੀ ਹੋਈ ਸੀ। ਇਸ ਵਿੱਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ। ਪੁਲੀਸ ਨੇ ਦੱਸਿਆ ਕਿ ਧਮਾਕੇ ਵਿੱਚ ਸੱਤ ਵਿਅਕਤੀ ਜ਼ਖ਼ਮੀ ਹੋ ਗੲੈ। ਜਿਸ ਮਕਾਨ ਵਿੱਚ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਚੱਲ ਰਹੀ ਸੀ ਉਸ ਦੀਆਂ ਕੰਧਾਂ ਨੁਕਸਾਨੀਆਂ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਸਰਕਾਰੀ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਘਰ ਦੇ ਮਾਲਕ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉਸ ਦੇ ਘਰ ਵਿੱਚ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਚੱਲਣ ਬਾਰੇ ਜਾਣਕਾਰੀ ਨਹੀਂ ਸੀ ਅਤੇ ਧਮਾਕਾ ਹੋਣ ਤੋਂ ਬਾਅਦ ਇਸ ਦਾ ਪਤਾ ਲੱਗਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ



News Source link