ਨਿਊਯਾਰਕ, 26 ਦਸੰਬਰ
ਇੱਕ ਅਹਿਮ ਅਮਰੀਕੀ ਅਖ਼ਬਾਰ ਦੇ ਭਾਰਤੀ-ਅਮਰੀਕੀ ਤੇ ਪੁਲਿਤਜ਼ਰ ਐਵਾਰਡ ਜੇਤੂ ਸੰਪਾਦਕ ਨੇ ਕੰਪਨੀ ਵੱਲੋਂ ਕੀਤੀ ਜਾਣ ਵਾਲੀ ਵੱਡੀ ਛਾਂਟੀ ਤੋਂ ਆਪਣੇ ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਦੀ ਕੋਸ਼ਿਸ਼ ਤਹਿਤ ਚੜ੍ਹਦੇ ਸਾਲ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਗੈਨੇਟ ਦੀ ਮਾਲਕੀ ਵਾਲੇ ਡੈਟਰੌਇਟ ਫਰੀ ਪ੍ਰੈੱਸ ਦੇ ਸੰਪਾਦਕ ਤੇ ਮੀਤ ਪ੍ਰਧਾਨ ਪੀਟਰ ਭਾਟੀਆ (69) ਨੇ ਪਿਛਲੇ ਹਫ਼ਤੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਦੌਰਾਨ ਆਪਣੇ ਫ਼ੈਸਲੇ ਦਾ ਐਲਾਨ ਕੀਤਾ। ਜਨਵਰੀ ’ਚ ਅਹੁਦਾ ਛੱਡਣ ਜਾ ਰਹੇ ਭਾਟੀਆ ਨੇ ਕਿਹਾ, ‘ਜੇਕਰ ਬਜਟ ’ਚੋਂ ਮੇਰੀ ਤਨਖਾਹ ਨਾਲ ਮੁਲਾਜ਼ਮਾਂ ਦੀਆਂ ਕੁਝ ਨੌਕਰੀਆਂ ਬਚਦੀਆਂ ਹਨ ਤਾਂ ਮੈਨੂੰ ਲੱਗਦਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਲਈ ਇਹ ਵਧੀਆ ਗੱਲ ਹੈ।’’