ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਫਰਵਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਗਏ ਪਰਵਾਸੀਆਂ ਦੀ ਵਾਪਸੀ ਤੋਂ ਸਬਕ ਸਿੱਖਣ ਅਤੇ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਸੋਚ ਤਿਆਗ ਕੇ ਆਪਣੇ ਸੂਬੇ ਨੂੰ ਦੇਸ਼ ਵਿੱਚ ਮੋਹਰੀ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।
ਉਹ ਇਥੋਂ ਦੇ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਟੂਰਨਾਮੈਂਟ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੇ ਇਸ ਪਵਿੱਤਰ ਧਰਤੀ ‘ਤੇ ਜਨਮ ਲੈਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਥੋਂ ਦੀ ਧਰਤੀ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸੂਬੇ ਵਿੱਚ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਨੌਜਵਾਨ ਬਿਹਤਰ ਭਵਿੱਖ ਦੀ ਭਾਲ ਵਿੱਚ ਹੋਰ ਮੁਲਕਾਂ ਵੱਲ ਪਰਵਾਸ ਕਰਨ ਲਈ ਮਜਬੂਰ ਸਨ।
ਮਾਨ ਨੇ ਕਿਹਾ, ‘‘ਅਮਰੀਕਾ ਤੋਂ ਸਮੂਹਿਕ ਵਾਪਸੀ ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ ਅਤੇ ਹੁਣ ਸਾਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ, ਸਗੋਂ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਸੂਬਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਰੁਝਾਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਕਿਉਂਕਿ ਸੂਬੇ ਦੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਭਰਤੀ ਦੀ ਤਿਆਰੀ ਹੈ। ਇਸ ਕਾਰਨ ਪੰਜਾਬ ਵਿੱਚ ਪਰਵਾਸ ਨੂੰ ਮੋੜਾ ਪਿਆ ਹੈ ਕਿਉਂਕਿ ਨੌਜਵਾਨ ਸੂਬੇ ਵਿੱਚ ਸਰਕਾਰੀ ਨੌਕਰੀਆਂ ਲੈਣ ਲਈ ਵਿਦੇਸ਼ਾਂ ਤੋਂ ਪਰਤ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਭ ਤੋਂ ਮਹੱਤਵਪੂਰਨ ਜ਼ਰੀਆ ਹੋ ਸਕਦਾ ਹੈ। ਸੂਬਾ ਸਰਕਾਰ ਵੱਲੋਂ ਹਰ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾਂਦੀਆਂ ਹਨ, ਜੋ ਖਿਡਾਰੀਆਂ ਨੂੰ ਆਪਣੇ ਹੁਨਰ ਦਿਖਾਉਣ ਲਈ ਮੰਚ ਪ੍ਰਦਾਨ ਕਰਦੀਆਂ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਆਮ ਆਦਮੀ ਕਲੀਨਿਕ, ਸੋਲਰ ਲਾਈਟਾਂ ਲਗਾਉਣ, ਕਮਿਊਨਿਟੀ ਹਾਲ ਦੀ ਉਸਾਰੀ, ਵਾਟਰ ਟਰੀਟਮੈਂਟ ਪਲਾਂਟ ਅਤੇ ਹੋਰ ਕਈ ਵਿਕਾਸ ਕਾਰਜਾਂ ਲਈ ਇਕ ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ ਪਤਵੰਤੇ ਹਾਜ਼ਰ ਸਨ।