ਵਿੰਟਰ ਸਟਾਰਮ ਨੇ ਪੂਰੇ ਅਮਰੀਕਾ ਨੂੰ ਜਾਮ ਕਰ ਦਿੱਤਾ ਹੈ। ਇਸ ਕਾਰਨ ਅਮਰੀਕਾ ਵਿੱਚ ਹਜ਼ਾਰਾਂ ਉਡਾਣਾਂ ਰੱਦ ਕਰਨੀ ਪਈਆਂ ਹਨ। ਸ਼ਨੀਵਾਰ ਯਾਨੀਕਿ 24 ਜਨਵਰੀ ਨੂੰ ਦੇਸ਼ ਦੇ ਵੱਡੇ ਹਿੱਸੇ ਵਿੱਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ, ਜਿਸ ਨਾਲ ਕਈ ਥਾਵਾਂ ’ਤੇ ਬਿਜਲੀ ਠੱਪ ਹੋ ਗਈ ਅਤੇ ਭਿਆਨਕ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ ਹਨ।
ਅਮਰੀਕਾ ਦੀ 40 ਫੀਸਦੀ ਤੋਂ ਵੱਧ ਅਬਾਦੀ, ਯਾਨੀ ਲਗਭਗ 14 ਕਰੋੜ ਲੋਕ, ਨਿਊ ਮੈਕਸੀਕੋ ਤੋਂ ਨਿਊ ਇੰਗਲੈਂਡ ਤੱਕ ਸ਼ੀਤਕਾਲੀ ਤੂਫ਼ਾਨ ਦੀ ਚੇਤਾਵਨੀ ਦੇ ਦਾਇਰੇ ਵਿੱਚ ਹਨ। ਰਾਸ਼ਟਰੀ ਮੌਸਮ ਸੇਵਾ ਨੇ ਸ਼ਨੀਚਰਵਾਰ ਤੋਂ ਸੋਮਵਾਰ ਤੱਕ ਦੱਖਣੀ ਰੌਕੀ ਪਹਾੜੀ ਖੇਤਰ ਤੋਂ ਲੈ ਕੇ ਨਿਊ ਇੰਗਲੈਂਡ ਤੱਕ ਭਾਰੀ ਬਰਫ਼ਬਾਰੀ, ਓਲੇ ਅਤੇ ਜਮਾਉਂਦੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਰਾਸ਼ਟਰੀ ਮੌਸਮ ਸੇਵਾ ਦੀ ਮੌਸਮ ਵਿਗਿਆਨੀ ਐਲਿਸਨ ਸੈਂਟੋਰਲੀ ਨੇ ਕਿਹਾ ਕਿ ਬਰਫ਼ ਬਹੁਤ ਹੌਲੀ-ਹੌਲੀ ਪਿਘਲੇਗੀ ਅਤੇ ਜਲਦੀ ਹਟਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਰਾਹਤ ਕਾਰਜਾਂ ਵਿੱਚ ਕਾਫ਼ੀ ਰੁਕਾਵਟ ਆ ਸਕਦੀ ਹੈ।
ਡੋਨਾਲਡ ਟਰੰਪ ਵੱਲੋਂ ਐਮਰਜੈਂਸੀ ਦਾ ਐਲਾਨ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਚਰਵਾਰ ਤੱਕ ਇੱਕ ਦਰਜਨ ਤੋਂ ਵੱਧ ਰਾਜਾਂ ਲਈ ਐਮਰਜੈਂਸੀ ਘੋਸ਼ਣਾ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਰਾਜਾਂ ਲਈ ਵੀ ਐਲਾਨ ਹੋਣ ਦੀ ਉਮੀਦ ਹੈ। ਗ੍ਰਿਹ ਸੁਰੱਖਿਆ ਸਕੱਤਰ ਕ੍ਰਿਸਟੀ ਨੋਐਮ ਨੇ ਦੱਸਿਆ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਵੱਲੋਂ ਕਈ ਰਾਜਾਂ ਵਿੱਚ ਜ਼ਰੂਰੀ ਸਮੱਗਰੀ, ਕਰਮਚਾਰੀ ਅਤੇ ਖੋਜ ਤੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਨੋਐਮ ਨੇ ਅਪੀਲ ਕੀਤੀ ਕਿ ਲੋਕ ਸਮਝਦਾਰੀ ਦਿਖਾਉਣ ਅਤੇ ਜੇ ਸੰਭਵ ਹੋਵੇ ਤਾਂ ਘਰਾਂ ਵਿੱਚ ਹੀ ਰਹਿਣ।
ਲੱਗੇ ਵੱਡੇ-ਵੱਡੇ ਬਿਜਲੀ ਕੱਟ
poweroutage.us ਮੁਤਾਬਕ, ਸ਼ਨੀਵਾਰ ਨੂੰ ਸ਼ੀਤਕਾਲੀ ਤੂਫ਼ਾਨ ਕਾਰਨ ਲਗਭਗ 1 ਲੱਖ 20 ਹਜ਼ਾਰ ਬਿਜਲੀ ਕੱਟਾਂ ਦੀ ਜਾਣਕਾਰੀ ਮਿਲੀ। ਇਸ ਵਿੱਚ ਟੈਕਸਾਸ ਅਤੇ ਲੂਈਜ਼ਿਆਨਾ ਵਿੱਚ ਕਰੀਬ 50-50 ਹਜ਼ਾਰ ਬਿਜਲੀ ਕੱਟ ਸ਼ਾਮਲ ਹਨ। ਲੂਈਜ਼ਿਆਨਾ ਦੀ ਸਰਹੱਦ ਨੇੜੇ ਟੈਕਸਾਸ ਦੇ ਸ਼ੈਲਬੀ ਕਾਊਂਟੀ ਵਿੱਚ ਬਰਫ਼ ਦੇ ਭਾਰ ਕਾਰਨ ਚੀੜ੍ਹ ਦੇ ਦਰੱਖ਼ਤ ਟੁੱਟ ਗਏ, ਜਿਸ ਨਾਲ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ। ਕਾਊਂਟੀ ਦੇ 16 ਹਜ਼ਾਰ ਵਸਨੀਕਾਂ ਵਿੱਚੋਂ ਲਗਭਗ ਇੱਕ ਤਿਹਾਈ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਸਕੀ।
ਅਮਰੀਕਾ ਵਿੱਚ ਲਗਭਗ 13 ਹਜ਼ਾਰ ਉਡਾਣਾਂ ਰੱਦ
ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਅਵੇਅਰ ਮੁਤਾਬਕ, ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਅਮਰੀਕਾ ਵਿੱਚ ਕਰੀਬ 13 ਹਜ਼ਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਓਕਲਾਹੋਮਾ ਸਿਟੀ ਦੇ ਵਿਲ ਰੋਜਰਜ਼ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨੀਚਰਵਾਰ ਦੀਆਂ ਸਾਰੀਆਂ ਉਡਾਣਾਂ ਰੱਦ ਰਹੀਆਂ, ਜਦਕਿ ਐਤਵਾਰ ਸਵੇਰ ਦੀਆਂ ਸਾਰੀਆਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਹੋਰ ਪੜ੍ਹੋ