ਅਮਰੀਕਾ ਦੇ ਕੋਲੰਬੀਆ ਵਿੱਚ ਕਤਲ ਕੀਤੀ ਗਈ ਡਾਟਾ ਅਤੇ ਸਟ੍ਰੈਟਜੀ ਐਨਾਲਿਸਟ ਨਿਕਿਤਾ ਗੋਡਿਸ਼ਲਾ ਦੇ ਪਿਤਾ ਆਨੰਦ ਗੋਡਿਸ਼ਲਾ ਨੇ ਚੰਡੀਗੜ੍ਹ ਦੇ ਦੋਸ਼ੀ ਨੌਜਵਾਨ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ। ਪਿਤਾ ਨੇ ਦੱਸਿਆ ਕਿ ਚੰਡੀਗੜ੍ਹ ਦਾ ਅਰਜੁਨ ਸ਼ਰਮਾ ਉਨ੍ਹਾਂ ਦੀ ਧੀ ਦਾ ਬੁਆਏਫ੍ਰੈਂਡ ਨਹੀਂ ਸੀ, ਸਗੋਂ ਸਿਰਫ਼ ਉਸਦਾ ਰੂਮਮੇਟ ਸੀ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੀ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੀ ਗਈ।
ਨਿਕਿਤਾ ਦੀ ਚਚੇਰੀ ਭੈਣ ਸਰਸਵਤੀ ਗੋਡਿਸ਼ਲਾ ਨੇ ਵੀ ਦੋਸ਼ ਲਗਾਇਆ ਕਿ ਅਰੋਪੀ ਨੌਜਵਾਨ ਨੇ ਨਿਕਿਤਾ ਦੇ ਖਾਤੇ ਵਿੱਚੋਂ 3500 ਅਮਰੀਕੀ ਡਾਲਰ ਕੱਢਵਾਏ ਸਨ, ਜੋ ਉਸ ਨੇ ਵਾਪਸ ਨਹੀਂ ਕੀਤੇ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।
ਪਰਿਵਾਰ ਨੇ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਤੋਂ ਮੰਗ ਕੀਤੀ ਹੈ ਕਿ ਨਿਕਿਤਾ ਦੀ ਮ੍ਰਿਤਕ ਦੇਹ ਨੂੰ ਉਸਦੇ ਜਿੱਦੀ ਘਰ ਭੇਜਣ ਲਈ ਪ੍ਰਬੰਧ ਕੀਤੇ ਜਾਣ, ਤਾਂ ਜੋ ਪਰਿਵਾਰ ਆਖ਼ਰੀ ਸੰਸਕਾਰ ਕਰ ਸਕੇ। ਨਿਕਿਤਾ ਮੂਲ ਤੌਰ ‘ਤੇ ਹੈਦਰਾਬਾਦ ਦੀ ਰਹਿਣ ਵਾਲੀ ਸੀ। ਉੱਥੇ ਹੀ ਅਰਜੁਨ ਦੇ ਚੰਡੀਗੜ੍ਹ ਵਿਚਲੇ ਘਰ ਦੇ ਪਤੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ।
ਨਿਕਿਤਾ ਦੇ ਪਿਤਾ ਆਨੰਦ ਗੋਡਿਸ਼ਲਾ ਨੇ ਕਿਹਾ ਕਿ ਅਰਜੁਨ ਨੂੰ ਨਿਕਿਤਾ ਦਾ ਐਕਸ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ, ਪਰ ਇਹ ਗੱਲ ਬਿਲਕੁਲ ਗਲਤ ਹੈ। ਉਹ ਮੇਰੀ ਧੀ ਦਾ ਬੁਆਏਫ੍ਰੈਂਡ ਨਹੀਂ, ਸਗੋਂ ਪਹਿਲਾਂ ਉਸਦਾ ਰੂਮਮੇਟ ਸੀ। ਅਰਜੁਨ ਉਸ ਘਰ ਵਿੱਚ ਨਿਕਿਤਾ ਦੇ ਨਾਲ ਰਹਿੰਦਾ ਸੀ, ਜਿੱਥੇ ਹੋਰ ਕਈ ਲੋਕ ਵੀ ਰਹਿੰਦੇ ਸਨ। ਸਭ ਨੇ ਮਿਲ ਕੇ ਜੁਆਇੰਟ ਤੌਰ ‘ਤੇ ਰਹਿਣ ਲਈ ਉਹ ਥਾਂ ਲਈ ਹੋਈ ਸੀ।
ਆਨੰਦ ਗੋਡਿਸ਼ਲਾ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਅਰਜੁਨ ਨੇ ਨਿਕਿਤਾ ਤੋਂ ਕਾਫ਼ੀ ਪੈਸੇ ਉਧਾਰ ਲਏ ਹੋਏ ਸਨ। ਜਦੋਂ ਨਿਕਿਤਾ ਨੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਧੀ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੀਡੀਆ ਰਾਹੀਂ ਹੀ ਸਾਨੂੰ ਪਤਾ ਲੱਗਿਆ ਕਿ ਕਤਲ ਕਰਨ ਤੋਂ ਬਾਅਦ 2 ਜਨਵਰੀ ਨੂੰ ਅਰਜੁਨ ਨੇ ਨਿਕਿਤਾ ਦੀ ‘ਗੁੰਮਸ਼ੁਦਗੀ’ ਦੀ ਰਿਪੋਰਟ ਦਰਜ ਕਰਵਾਈ ਅਤੇ ਉਸੇ ਦਿਨ ਅਮਰੀਕਾ ਛੱਡ ਕੇ ਭਾਰਤ ਆ ਗਿਆ।
ਆਨੰਦ ਨੇ ਕਿਹਾ ਕਿ ਅਸੀਂ ਕੇਂਦਰ ਅਤੇ ਰਾਜ ਦੋਵਾਂ ਸਰਕਾਰਾਂ ਤੋਂ ਬੇਨਤੀ ਕਰਦੇ ਹਾਂ ਕਿ ਮੇਰੀ ਧੀ ਦੀ ਲਾਸ਼ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਅਸੀਂ ਆਖ਼ਰੀ ਸੰਸਕਾਰ ਕਰ ਸਕੀਏ। ਇਸ ਵੇਲੇ ਅਸੀਂ ਅਜੇ ਵੀ ਇਹ ਸਮਝ ਨਹੀਂ ਪਾ ਰਹੇ ਕਿ ਇਹ ਸਭ ਕਿਉਂ ਹੋਇਆ। ਪਰ ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ ਇੱਕ ਵੱਡਾ ਕਾਰਨ ਲੱਗ ਰਿਹਾ ਹੈ, ਜਿਵੇਂ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਪੂਰਾ ਮਾਮਲਾ ਸਾਫ਼ ਹੋਵੇ ਅਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇ, ਉਹ ਠੀਕ ਤਰੀਕੇ ਨਾਲ ਕੀਤੀ ਜਾਵੇ।
ਹੋਰ ਪੜ੍ਹੋ