Haryana Wedding : ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਇੱਕ ਵਿਆਹ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਇੱਕ ਨਵ-ਵਿਆਹੇ ਜੋੜੇ ਨੇ ਰਵਾਇਤੀ ਰਸਮਾਂ ਅਤੇ ਦਿਖਾਵੇ ਤੋਂ ਹਟ ਕੇ ਵਿਆਹ ਤੋਂ ਪਹਿਲਾਂ HIV ਟੈਸਟ ਕਰਵਾਇਆ ਅਤੇ ਰਿਪੋਰਟ ਨਾਰਮਲ ਆਉਣ ਤੋਂ ਬਾਅਦ ਉਨ੍ਹਾਂ ਨੇ ਡਾ. ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਤਸਵੀਰ ਦੇ ਸਾਹਮਣੇ ਇੱਕ ਦੂਜੇ ਨੂੰ ਜੀਵਨ ਸਾਥੀ ਵਜੋਂ ਸਵੀਕਾਰ ਕਰ ਲਿਆ।
ਇਸ ਅਨੋਖੇ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਸਮਾਗਮ ਪੂਰੀ ਤਰ੍ਹਾਂ ਦਾਜ -ਮੁਕਤ ਅਤੇ ਸਾਦਗੀ ਭਰਿਆ ਸੀ। ਨਾ ਬੈਂਡ-ਬਾਜਾ, ਨਾ ਫਿਜੂਲ ਖਰਚੀ ਅਤੇ ਨਾ ਹੀ ਰਵਾਇਤੀ ਫੇਰਿਆਂ ਦਾ ਆਯੋਜਨ ਕੀਤਾ ਗਿਆ। ਸਟੇਜ ’ਤੇ ਲਾੜੇ-ਲਾੜੀ ਨੇ ਇੱਕ-ਦੂਜੇ ਨੂੰ ਗੁਲਾਬ ਦੇ ਫੁੱਲ ਦੀ ਬਜਾਏ ਇੱਕ ਪੈੱਨ ਭੇਟ ਕੀਤਾ ਅਤੇ ਸਿੱਖਿਆ ਅਤੇ ਜਾਗਰੂਕਤਾ ਦਾ ਸੰਦੇਸ਼ ਦਿੱਤਾ।
ਚਰਖੀ ਦਾਦਰੀ ਦੇ ਰਹਿਣ ਵਾਲੇ ਮਨੇਂਦਰ ਦਹੀਆ ਅਤੇ ਮੋਨਿਕਾ ਤੰਵਰ ਪੇਸ਼ੇ ਤੋਂ ਕਾਊਂਸਲਰ ਹਨ। ਉਹ ਦੋਵੇਂ ਕਹਿੰਦੇ ਹਨ ਕਿ ਵਿਆਹ ਸਿਰਫ਼ ਇੱਕ ਸਮਾਜਿਕ ਰਸਮ ਨਹੀਂ ਹੈ, ਸਗੋਂ ਵਿਸ਼ਵਾਸ ਅਤੇ ਜ਼ਿੰਮੇਵਾਰੀ ਦਾ ਰਿਸ਼ਤਾ ਹੈ। ਇਸ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਸਿਹਤ ਜਾਂਚ ਨੂੰ ਤਰਜੀਹ ਦਿੱਤੀ।
ਲਾੜੇ ਮਨੇਂਦਰ ਦਹੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਬਿਨਾਂ ਝਿਝਕ ਸਿਹਤ ਨਾਲ ਜੁੜੀਆਂ ਜਾਂਚਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ ਸੁਰੱਖਿਅਤ ਅਤੇ ਸਿਹਤਮੰਦ ਰਹੇ। ਉੱਥੇ ਹੀ ਮੋਨਿਕਾ ਤੰਵਰ ਨੇ ਕਿਹਾ ਕਿ HIV ਵਰਗੇ ਵਿਸ਼ਿਆਂ ’ਤੇ ਸਮਾਜ ਵਿੱਚ ਅੱਜ ਵੀ ਖੁੱਲ੍ਹ ਕੇ ਗੱਲ ਨਹੀਂ ਹੁੰਦੀ, ਜਦਕਿ ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ ਹੈ।
ਸਮਾਗਮ ਵਿੱਚ ਮੌਜੂਦ ਸਮਾਜਿਕ ਕਾਰਕੁਨ ਸੰਜੇ ਰਾਮਫਲ ਨੇ ਦੱਸਿਆ ਕਿ ਇਸ ਪਹਿਲ ਦਾ ਮਕਸਦ ਨੌਜਵਾਨਾਂ ਨੂੰ ਸਿਹਤ, ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਵਿਆਹ ਦਿਖਾਵੇ ਦਾ ਸਾਧਨ ਬਣਦੇ ਜਾ ਰਹੇ ਹਨ, ਜਦਕਿ ਲੋੜ ਸਾਦਗੀ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੀ ਹੈ।
ਇਸ ਵਿਲੱਖਣ ਵਿਆਹ ਨੂੰ ਲੋਕ “ਨਵੀਂ ਸੋਚ ਵਾਲਾ ਵਿਆਹ” ਅਤੇ ਸਮਾਜ ਨੂੰ ਆਇਨਾ ਦਿਖਾਉਣ ਵਾਲੀ ਪਹਿਲ ਕਰਾਰ ਦੇ ਰਹੇ ਹਨ। ਮਨੇਂਦਰ ਦੇ ਪਿਤਾ ਕ੍ਰਿਸ਼ਨ ਦਹੀਆ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਸਿਹਤ ਜਾਗਰੂਕਤਾ ਨਾਲ ਜੁੜੀ ਇਸ ਤਰ੍ਹਾਂ ਦੀ ਪਹਿਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਦੇ ਵਿਆਹ ਕਰਨ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ