ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਾਰਚ
ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 46 ਦੇ ਪੰਜਾਬੀ ਤੇ ਇਤਿਹਾਸ ਵਿਭਾਗ ਵੱਲੋਂ ਡਾ. ਰਾਜੇਸ਼ ਚੰਦਰ ਦੀ ਅਨੁਵਾਦਿਤ ਪੁਸਤਕ ‘ਸਿਰਜਣਾ ਦੇ ਬੀਜ’ ਰਿਲੀਜ਼ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫ਼ੈਸਰ (ਡਾ.) ਜਗਦੀਸ਼ ਕੁਮਾਰ ਸਹਿਗਲ ਨੇ ਸਵਾਗਤ ਕਰਦਿਆਂ ਕਾਲਜ ਦੀਆਂ ਸਾਹਿਤਕ ਗਤੀਵਿਧੀਆਂ ਤੇ ਵਿਦਿਆਰਥੀਆਂ ਦੀ ਸਾਹਿਤ ਸਿਰਜਣ ਪ੍ਰਕਿਰਿਆ ਬਾਰੇ ਚਾਨਣਾ ਪਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਘੇ ਲੇਖਕ ਮਨਮੋਹਨ ਸਿੰਘ ਦਾਊਂ ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਪੁਸਤਕ ‘ਸਿਰਜਣਾ ਦੇ ਬੀਜ’ ਬਾਰੇ ਚਰਚਾ ਕੀਤੀ ਅਤੇ ਇਸ ਪੁਸਤਕ ਦੇ ਮੂਲ ਲੇਖਕ ਡਾ. ਰਮੇਸ਼ ਪੋਖਰਿਆਲ ਨਿਸੰਕ ਦੀ ਸਾਹਿਤ ਦ੍ਰਿਸ਼ਟੀ ’ਤੇ ਵੀ ਚਾਨਣਾ ਪਾਇਆ। ਸ੍ਰੀ ਦਾਊਂ ਨੇ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਤੇ ਸਾਹਿਤਕ ਖੇਤਰ ਵਿੱਚ ਉਭਰ ਰਹੇ ਲੇਖਕਾਂ ਲਈ ਲਾਹੇਵੰਦ ਹੋਵੇਗੀ। ਡਾ. ਬਲਜੀਤ ਸਿੰਘ ਨੇ ਸਾਹਿਤਕ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਅਤੇ ਇਸ ਪੁਸਤਕ ਦੇ ਲੋਕ-ਅਰਪਣ ’ਤੇ ਵਧਾਈ ਦਿੱਤੀ। ਡਾ. ਪ੍ਰੀਤ ਇੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ।