ਅਕਾਲੀ ਦਲ ਹੁਣ ਖਾਲੀ ਦਲ ਬਣ ਗਿਐ: ਕੁਲਦੀਪ ਧਾਲੀਵਾਲ – Punjabi Tribune

0
168


ਰਾਜਨ ਮਾਨ

ਮਜੀਠਾ, 9 ਮਈ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਪਾਰਟੀ ਛੱਡ ਕੇ ਜਾ ਰਹੇ ਹਨ ਉਸ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਅਕਾਲੀ ਦਲ ਹੁਣ ਖਾਲੀ ਦਲ ਬਣ ਗਿਆ ਹੈ। ਅੱਜ ਪਿੰਡ ਕੰਦੋਵਾਲੀ ਵਿਖੇ ਚੋਣ ਰੈਲੀ ’ਚ ਸ੍ਰੀ ਧਾਲੀਵਾਲ ਨੇ ਕਿਹਾ ਕਿ ਬਾਦਲ ਅਤੇ ਮਜੀਠੀਆ ਪਰਿਵਾਰਾਂ ਨੇ ਇਸ ਪਾਰਟੀ ਨੂੰ ਖਤਮ ਕਰ ਦਿੱਤਾ ਹੈ। ਨੇਤਾਵਾਂ ਦੀ ਗੱਲ ਛੱਡੋ ਹੁਣ ਦਲ ਦੇ ਉਮੀਦਵਾਰ ਹੀ ਪਾਰਟੀ ਛੱਡ ਰਹੇ ਹਨ। ਅਕਾਲੀ ਦਲ ਹੁਣ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਬਣ ਕੇ ਕੰਮ ਕਰ ਰਿਹਾ ਹੈ। ਭਾਜਪਾ ਉਮੀਦਵਾਰ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਦੇ ਲਾਲਚ ਵਿੱਚ ਸਿਰਫ ਇਹ ਅੰਮ੍ਰਿਤਸਰ ਆਇਆ ਹੈ। ਪਹਿਲਾਂ ਕਦੇ ਇਸ ਨੂੰ ਗੁਰੂ ਨਗਰੀ ਦਾ ਧਿਆਨ ਨਹੀਂ ਆਇਆ। ਪਿਛਲੀ ਵਾਰ ਹਰਦੀਪ ਸਿੰਘ ਪੁਰੀ ਇਥੋਂ ਚੋਣ ਲੜੇ ਸਨ ਅਤੇ ਫਿਰ ਕੇਂਦਰੀ ਮੰਤਰੀ ਵੀ ਬਣ ਗਏ ਪਰ ਇਥੋਂ ਦੇ ਲੋਕਾਂ ਦੀ ਸਾਰ ਨਹੀਂ ਲਈ, ਕਿਉਂ ਕਿ ਉਹ ਇਥੋਂ ਜਿੱਤਣ ਆਏ ਸਨ ਪਰ ਹਾਰਨ ਕਰਕੇ ਲੋਕਾਂ ਨਾਲ ਰਿਸ਼ਤਾ ਤੋੜ ਲਿਆ ਅਤੇ ਇਹੀ ਹਾਲ ਤਰਨਜੀਤ ਸੰਧੂ ਦਾ ਹੈ। ਇਸ ਮੌਕੇ ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਤੇ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਹਾਜ਼ਰ ਸਨ।



News Source link