ਅਕਾਲੀ ਦਲ ਨੂੰ ਹਲਕਾ ਇੰਚਾਰਜ ਲੱਭਣਾ ਚੁਣੌਤੀ ਬਣਿਆ – Punjabi Tribune

Must read


ਪੱਤਰ ਪ੍ਰੇਰਕ

ਜਲੰਧਰ, 1 ਮਈ

ਸ਼੍ਰੋਮਣੀ ਅਕਾਲੀ ਦਲ ਨੂੰ ਜਲੰਧਰ ਲੋਕ ਸਭਾ ਹਲਕੇ ਲਈ ਕਾਂਗਰਸ ਤੋਂ ਉਮੀਦਵਾਰ ਲੈਣ ਲਈ ਮਜਬੂਰ ਹੋਣਾ ਪਿਆ ਸੀ ਹੁਣ ਆਦਮਪੁਰ ਵਾਸਤੇ ਹਲਕਾ ਇੰਚਾਰਜ ਲੱਭਣ ਦੇ ਲਾਲੇ ਪੈ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਲੱਭਣ ਲਈ ਦੋ ਵੱਡੇ ਆਗੂਆਂ ਦੀ ਡਿਊਟੀ ਵੀ ਲਾਈ ਹੋਈ ਹੈ ਪਰ ਅਜੇ ਤੱਕ ਕੋਈ ਅਜਿਹਾ ਆਗੂ ਨਹੀਂ ਲੱਭਾ ਜਿਸ ਨੂੰ ਹਲਕਾ ਆਦਮਪੁਰ ਦੀ ਵਾਂਗਡੋਰ ਸੰਭਾਲੀ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦਾ ਹਾਲ ਇਹ ਹੋ ਗਿਆ ਹੈ ਕਿ ਸਦੀ ਤੋਂ ਵੀ ਵੱਧ ਸਮਾਂ ਪੁਰਾਣੀ ਪਾਰਟੀ ਨੂੰ ਨਾ ਤਾਂ ਜਲੰਧਰ ਵਰਗੇ ਲੋਕ ਸਭਾ ਹਲਕੇ ਲਈ ਆਪਣਾ ਉਮੀਦਵਾਰ ਲੱਭਾ ਤੇ ਨਾ ਹੀ ਹੁਣ ਆਦਮਪੁਰ ਲਈ ਹਲਕਾ ਇੰਚਾਰਜ ਲੱਭ ਰਿਹਾ ਹੈ। ਇਸ ਹਲਕੇ ਤੋਂ ਦੋ ਵਾਰ ਵਿਧਾਇਕ ਬਣੇ ਪਵਨ ਕੁਮਾਰ ਟੀਨੂੰ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਚੋਣਾਂ ਸਿਰ ’ਤੇ ਹੋਣ ਕਾਰਨ ਪਾਰਟੀ ਵਿੱਚੋਂ ਵੱਡੇ ਆਗੂ ਦਾ ਜਾਣਾ ਅਕਾਲੀ ਦਲ ਲਈ ਮੁਸੀਬਤ ਬਣ ਗਿਆ ਹੈ।

ਹੁਣ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਨੂੰ ਹਲਕਾ ਇੰਚਾਰਜ ਲੱਭਣਾ ਚੁਣੌਤੀ ਬਣ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਲੱਭਣ ਲਈ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ। ਜ਼ਿਕਰਯੋਗ ਕਿ ਦੂਜੀਆਂ ਰਾਜਨੀਤਕ ਪਾਰਟੀਆਂ ਵਾਂਗ ਅਕਾਲੀ ਦਲ ਨੇ ਵੀ ਦੂਜੀ ਕਤਾਰ ਦੇ ਆਗੂਆਂ ਨੂੰ ਅੱਗੇ ਆਉਣ ਦੇ ਮੌਕੇ ਨਹੀਂ ਦਿੱਤੇ। ਜਥੇਦਾਰ ਵਡਾਲਾ ਨੇ ਦੱਸਿਆ ਕਿ ਆਦਮਪੁਰ ਹਲਕੇ ਤੋਂ ਜਲਦੀ ਹੀ ਹਲਕਾ ਇੰਚਾਰਜ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਦਲ ਦੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।



News Source link

- Advertisement -

More articles

- Advertisement -

Latest article