West Bengal Elections 2026 : ਮਮਤਾ ਬੈਨਰਜੀ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਰਾਜਪਾਲ ਨੇ ਪੱਛਮੀ ਬੰਗਾਲ ਕੈਬਨਿਟ ਨੂੰ ਬਰਖਾਸਤ ਕਰ ਦਿੱਤਾ ਹੈ। ਬੰਗਾਲ ਚੋਣਾਂ ਵਿੱਚ ਹਾਰ ਤੋਂ ਬਾਅਦ ਮਮਤਾ ਬੈਨਰਜੀ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਇਹ ਫੈਸਲਾ ਲਿਆ। ਇਹ ਪੂਰਾ ਫੈਸਲਾ ਸੰਵਿਧਾਨਕ ਪ੍ਰਕਿਰਿਆ ਦੇ ਅਨੁਸਾਰ ਹੋਇਆ ਹੈ।
ਪੱਛਮੀ ਬੰਗਾਲ ਕੈਬਨਿਟ ਬਰਖਾਸਤ
ਸੰਵਿਧਾਨ ਦੇ ਅਨੁਸਾਰ ਵਿਧਾਨ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ਅਤੇ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 8 ਮਈ 2021 ਤੋਂ 7 ਮਈ 2026 ਤੱਕ ਸੀ। ਕਿਉਂਕਿ ਨਵੀਂ ਵਿਧਾਨ ਸਭਾ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ, ਪੁਰਾਣੀ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਸ ਆਦੇਸ਼ ਦੇ ਨਾਲ ਹੁਣ ਮਮਤਾ ਬੈਨਰਜੀ ਨੂੰ ਅਸਤੀਫ਼ਾ ਦੇਣ ਦੀ ਕੋਈ ਲੋੜ ਨਹੀਂ ਹੈ।
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ (6 ਮਈ, 2026) ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ, ਇਹ ਆਰੋਪ ਲਗਾਇਆ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜੇ “ਫਤਵਾ ਨਹੀਂ ਸਗੋਂ ਇੱਕ ਸਾਜ਼ਿਸ਼” ਸਨ। ਉਨ੍ਹਾਂ ਨੇ ਸੜਕਾਂ ‘ਤੇ ਉਤਰ ਕੇ ਲੜਾਈ ਲੜਣ ਅਤੇ ਵਿਰੋਧੀ “ਇੰਡੀਆ” ਗਠਜੋੜ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਸੀ।
ਮਮਤਾ ਬੈਨਰਜੀ ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ
ਮਮਤਾ ਬੈਨਰਜੀ ਨੇ ਇਹ ਵੀ ਆਰੋਪ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਵਿਰੁੱਧ ਚੋਣ ਨਹੀਂ ਲੜੀ, ਸਗੋਂ ਉਸਦੀ ਲੜਾਈ ਚੋਣ ਕਮਿਸ਼ਨ ਵਿਰੁੱਧ ਸੀ, ਜੋ ਭਾਜਪਾ ਲਈ ਕੰਮ ਕਰਦਾ ਸੀ। ਉਨ੍ਹਾਂ ਕਿਹਾ, “ਮੇਰੇ ਅਸਤੀਫ਼ੇ ਦਾ ਕੋਈ ਸਵਾਲ ਹੀ ਨਹੀਂ ਉੱਠਦਾ, ਕਿਉਂਕਿ ਸਾਡੀ ਹਾਰ ਜਨਤਕ ਫਤਵੇ ਕਾਰਨ ਨਹੀਂ, ਸਗੋਂ ਇੱਕ ਸਾਜ਼ਿਸ਼ ਤਹਿਤ ਹੋਈ ਹੈ। ਮੈਂ ਹਾਰੀ ਨਹੀਂ ਹਾਂ ਅਤੇ ਮੈਂ ਲੋਕ ਭਵਨ ਨਹੀਂ ਜਾਵਾਂਗੀ। ਲਗਭਗ 100 ਸੀਟਾਂ ‘ਤੇ ਜਨਾਦੇਸ਼ ਨੂੰ ਲੁੱਟ ਲਿਆ ਹੈ ਅਤੇ ਪਾਰਟੀ ਨੂੰ ਨਿਰਾਸ਼ ਕਰਨ ਲਈ ਜਾਣਬੁੱਝ ਕੇ ਗਿਣਤੀ ਹੌਲੀ ਕੀਤੀ ਗਈ।”
ਮਮਤਾ ਬੈਨਰਜੀ ਨੇ ਵਿਰੋਧੀ ਗੱਠਜੋੜ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ
ਬੰਗਾਲ ਵਿੱਚ ਹਾਰ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਹੁਣ ਰਾਸ਼ਟਰੀ ਪੱਧਰ ‘ਤੇ ਵਿਰੋਧੀ ਗੱਠਜੋੜ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਕਿਹਾ “ਇੰਡੀਆ ਗੱਠਜੋੜ ਦੇ ਆਗੂਆਂ ਨੇ ਮੈਨੂੰ ਫ਼ੋਨ ਕੀਤਾ ਅਤੇ ਇਕਜੁੱਟਤਾ ਪ੍ਰਗਟ ਕੀਤੀ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਮੇਰੇ ਨਾਲ ਗੱਲ ਕੀਤੀ ਹੈ।” ਉਨ੍ਹਾਂ ਅੱਗੇ ਕਿਹਾ, “ਜਦੋਂ ਮੈਂ ਸੱਤਾ ਵਿੱਚ ਸੀ, ਮੈਂ ਬਹੁਤ ਕੁਝ ਸਹਿਣ ਕੀਤਾ। ਹੁਣ ਮੈਂ ਇੱਕ ਆਜ਼ਾਦ ਪੰਛੀ ਹਾਂ, ਇੱਕ ਆਮ ਆਦਮੀ ਹਾਂ। ਮੈਂ ਲੜਨ ਜਾ ਰਹੀ ਹਾਂ।” ਮੈਂ ਸੜਕਾਂ ‘ਤੇ ਰਹਾਂਗੀ ਅਤੇ ਸਾਰੇ ਅੱਤਿਆਚਾਰਾਂ ਵਿਰੁੱਧ ਲੜਾਂਗੀ।’
ਬ੍ਰਿਗੇਡ ਪਰੇਡ ਗਰਾਊਂਡ ‘ਚ ਹੋਵੇਗਾ ਸਹੁੰ ਚੁੱਕ ਸਮਾਗਮ
ਪੱਛਮੀ ਬੰਗਾਲ ਵਿੱਚ ਭਾਜਪਾ ਦੀ ਪਹਿਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਹੋਵੇਗਾ। ਸਹੁੰ ਚੁੱਕ ਸਮਾਗਮ ਲਈ ਲਗਭਗ 4,000 ਪੁਲਿਸ ਕਰਮਚਾਰੀ ਤਾਇਨਾਤੀ ਨਾਲ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਤੇ ਕਈ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਹੋਰ ਪੜ੍ਹੋ