Punjab Police Employee : ਫਗਵਾੜਾ ਦੇ ਬੱਸ ਸਟੈਂਡ ਤੋਂ ਪੰਜਾਬ ਪੁਲਸ ਦੇ ਇੱਕ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪੁਲਸ ਕਰਮਚਾਰੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਸਹਾਇਕ ਸਬ-ਇੰਸਪੈਕਟਰ (ASI) ਰੈਂਕ ਦਾ ਹੈ।
ਵਾਇਰਲ ਵੀਡੀਓ ਮੁਤਾਬਕ ਪੁਲਸ ਮੁਲਾਜ਼ਮ ਬੱਸ ਸਟੈਂਡ ’ਤੇ ਠੀਕ ਤਰ੍ਹਾਂ ਚੱਲ ਵੀ ਨਹੀਂ ਪਾ ਰਿਹਾ ਸੀ। ਜਦੋਂ ਉਸ ਨੇ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਵੀ ਪੌੜੀ ਨਹੀਂ ਚੜ੍ਹ ਸਕਿਆ ਅਤੇ ਉੱਥੇ ਹੀ ਬੈਠ ਗਿਆ। ਉਸ ਦੇ ਚਿਹਰੇ ’ਤੇ ਸੱਟ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਸਨ ਅਤੇ ਕੱਪੜਿਆਂ ’ਤੇ ਮਿੱਟੀ ਲੱਗੀ ਹੋਈ ਸੀ।
ਮੌਕੇ ’ਤੇ ਮੌਜੂਦ ਲੋਕਾਂ ਨੇ ਜਦੋਂ ਉਸ ਦੀ ਹਾਲਤ ਬਾਰੇ ਪੁੱਛਿਆ ਤਾਂ ਮੁਲਾਜ਼ਮ ਨੇ ਉਸ ਨੂੰ ਘਰ ਛੱਡਣ ਦੀ ਗੱਲ ਕਹੀ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਨਕੋਦਰ ਜਾਣਾ ਹੈ ਅਤੇ ਉਹ ਜਲੰਧਰ ਵਿੱਚ ਡਿਊਟੀ ਕਰਦਾ ਹੈ। ਇਸ ਤੋਂ ਬਾਅਦ ਇੱਕ ਨੌਜਵਾਨ ਨੇ ਉਸ ਦੀ ਮਦਦ ਕੀਤੀ ਅਤੇ ਹੱਥ ਫੜ ਕੇ ਉਸ ਨੂੰ ਬੱਸ ਸਟੈਂਡ ਦੇ ਅੰਦਰ ਲੈ ਗਿਆ।
ਵੀਡੀਓ ਵਿੱਚ ਜਦੋਂ ਪੁਲਸ ਮੁਲਾਜ਼ਮ ਤੋਂ ਪੁੱਛਿਆ ਗਿਆ ਕਿ ਉਹ ਇਸ ਹਾਲਤ ਵਿੱਚ ਕਿਉਂ ਹੈ ਤਾਂ ਉਸ ਨੇ ਕਿਹਾ, “ਮੇਰੀ ਰਾਤ ਦੀ ਡਿਊਟੀ ਲੱਗੀ ਸੀ ਅਤੇ ਬਹੁਤ ਜ਼ਿਆਦਾ ਥਕਾਵਟ ਹੋ ਰਹੀ ਸੀ। ਹਾਲਾਂਕਿ ਜਦੋਂ ਉਸ ਤੋਂ ਪੁਲਸ ਥਾਣੇ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ।
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਮੁਲਾਜ਼ਮ ਦੇ ਨਸ਼ੇ ਵਿੱਚ ਹੋਣ ਅਤੇ ਪੂਰੇ ਮਾਮਲੇ ਦੀ ਅਧਿਕਾਰਤ ਪੁਸ਼ਟੀ ਬਾਰੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।