Prime Minister Threat: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੂੰ ਮੰਗਲਵਾਰ ਦੇਰ ਰਾਤ ਕੈਨਬਰਾ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ, ਦ ਲਾਜ ਤੋਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬਾਹਰ ਸੁਰੱਖਿਅਤ ਕੱਢਿਆ ਗਿਆ। ਪੁਲਿਸ ਨੇ ਉਨ੍ਹਾਂ ਨੂੰ ਸ਼ਾਮ 6 ਵਜੇ ਦੇ ਕਰੀਬ ਰਿਹਾਇਸ਼ ਤੋਂ ਹਟਾ ਦਿੱਤਾ ਅਤੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਰਾਤ 9 ਵਜੇ ਤਲਾਸ਼ੀ ਪੂਰੀ ਹੋਣ ਤੋਂ ਬਾਅਦ ਹੀ ਉਹ ਆਪਣੇ ਘਰ ਵਾਪਸ ਆ ਸਕੇ। ਇਸ ਘਟਨਾ ਕਾਰਨ ਰਾਜਧਾਨੀ ਵਿੱਚ ਅਚਾਨਕ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ।
ਸੁਰੱਖਿਅਤ ਥਾਂ ‘ਤੇ ਭੇਜੇ ਗਏ ਪ੍ਰਧਾਨ ਮੰਤਰੀ
ਜਾਣਕਾਰੀ ਮੁਤਾਬਕ ਇੱਕ ਫੋਨ ਕਾਲ ਰਾਹੀਂ ਪ੍ਰਧਾਨ ਮੰਤਰੀ ਦੇ ਘਰ ਵਿੱਚ ਬੰਬ ਰੱਖਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੈਨਬਰਾ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸ.ਬੀ.ਐੱਸ. ਨਿਊਜ਼ ਮੁਤਾਬਕ, ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਉੱਥੋਂ ਰੈਸਕਿਊ ਕਰਕੇ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਹੈ। ਇਹ ਧਮਕੀ ਅਜਿਹੇ ਸਮੇਂ ਮਿਲੀ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਆਸਟ੍ਰੇਲੀਆ ਦੇ ਦੌਰੇ ‘ਤੇ ਆਉਣ ਵਾਲੇ ਹਨ।
ਪਹਿਲਾਂ ਵੀ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਅਜਿਹਾ ਖ਼ਤਰਾ ਪੈਦਾ ਹੋਇਆ ਹੋਵੇ। ਇਸ ਤੋਂ ਪਹਿਲਾਂ ਮਾਰਚ 2025 ਵਿੱਚ ਵੀ ਅਲਬਾਨੀਜ਼ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ 36 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਨੁਸਾਰ ਉਹ ਵਿਅਕਤੀ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇਸ ਤੋਂ ਇਲਾਵਾ, ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਪੀਐਮ ਆਵਾਸ ਦੇ ਨੇੜੇ ਇੱਕ ਹਮਲਾ ਵੀ ਹੋਇਆ ਸੀ, ਜਿਸ ਵਿੱਚ ਇੱਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਆਸਟ੍ਰੇਲੀਆ ਪਹੁੰਚ ਰਹੇ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਅਲਬਾਨੀਜ਼ ਨਾਲ ਮੁਲਾਕਾਤ ਕਰਨਗੇ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਊਰਜਾ ਦੇ ਖੇਤਰ ‘ਚ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋਣ ਦੀ ਸੰਭਾਵਨਾ ਹੈ।
ਹੋਰ ਪੜ੍ਹੋ