Karnataka News : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਪਿੰਡ ਦੇ 8 ਲੋਕਾਂ ਦੀ ਦਰਿਆ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਸਾਰੇ ਲੋਕ ਦਰਿਆ ਵਿੱਚੋਂ ਸੀਪੀਆਂ ਇਕੱਠੀਆਂ ਕਰਨ ਗਏ ਸਨ। ਮਰਨ ਵਾਲਿਆਂ ਵਿੱਚ 7 ਔਰਤਾਂ ਸ਼ਾਮਲ ਹਨ, ਜਦਕਿ 2 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ ਸ਼ਿਰਾਲੀ ਪਿੰਡ ਦੇ ਕਰੀਬ 14 ਲੋਕ ਦਰਿਆ ਵਿੱਚ ਸੀਪੀਆਂ ਇਕੱਠੀਆਂ ਕਰਨ ਲਈ ਉਤਰੇ ਸਨ। ਦਰਿਆ ਕਿਨਾਰੇ ਅਤੇ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਇੱਕ ਪਰੰਪਰਾਗਤ ਗਤੀਵਿਧੀ ਮੰਨੀ ਜਾਂਦੀ ਹੈ।
ਪਾਣੀ ਦੇ ਤੇਜ਼ ਬਹਾਵ ਵਿੱਚ ਵਹੇ ਲੋਕ
ਪੁਲਿਸ ਸੂਤਰਾਂ ਨੇ ਦੱਸਿਆ ਕਿ ਲੋਕਾਂ ਨੇ ਪਾਣੀ ਦੀ ਡੂੰਘਾਈ ਅਤੇ ਬਹਾਵ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਅਤੇ ਦਰਿਆ ਦੇ ਡੂੰਘੇ ਹਿੱਸੇ ਵੱਲ ਚਲੇ ਗਏ। ਇਸ ਦੌਰਾਨ ਅਚਾਨਕ ਪਾਣੀ ਦਾ ਬਹਾਵ ਬਹੁਤ ਤੇਜ਼ ਹੋ ਗਿਆ ਅਤੇ ਇੱਕ ਜਾਂ ਦੋ ਲੋਕ ਪਾਣੀ ਵਿੱਚ ਵਹਿਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਹੋਰ ਲੋਕ ਵੀ ਦਰਿਆ ਵਿੱਚ ਕੂਦ ਪਏ ਪਰ ਤੇਜ਼ ਬਹਾਵ ਵਿੱਚ ਉਹ ਵੀ ਫਸ ਗਏ। ਇਸ ਤਰ੍ਹਾਂ ਇੱਕ-ਇੱਕ ਕਰਕੇ ਕਈ ਲੋਕ ਡੁੱਬ ਗਏ।
ਹੁਣ ਤੱਕ 8 ਲਾਸ਼ਾਂ ਬਰਾਮਦ
ਪੁਲਿਸ ਅਨੁਸਾਰ ਹੁਣ ਤੱਕ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 2 ਲੋਕਾਂ ਦੀ ਭਾਲ ਜਾਰੀ ਹੈ। ਬਚਾਵ ਟੀਮਾਂ, ਪੁਲਿਸ ਅਤੇ ਸਥਾਨਕ ਲੋਕ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਨ। ਮ੍ਰਿਤਕਾਂ ਦੀ ਪਹਿਚਾਣ ਭਟਕਲ ਤਾਲੁਕਾ ਦੇ ਸ਼ਿਰਾਲੀ ਪਿੰਡ ਦੇ ਵਸਨੀਕਾਂ ਵਜੋਂ ਹੋਈ ਹੈ। ਇਸ ਦੌਰਾਨ ਇਲਾਕੇ ਵਿੱਚ ਮੀਂਹ ਪੈਣ ਕਾਰਨ ਦਰਿਆ ਦਾ ਪਾਣੀ ਅਚਾਨਕ ਵੱਧ ਗਿਆ ਅਤੇ ਭਿਆਨਕ ਬਹਾਵ ਆ ਗਿਆ। ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ।
PM ਮੋਦੀ ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਕਾਰਵਾਰ ਜ਼ਿਲ੍ਹੇ ਵਿੱਚ ਵਾਪਰੀ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਸੰਵੇਦਨਾਵਾਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ PMNRF ਵੱਲੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਹੋਰ ਪੜ੍ਹੋ