Punjabi Truck Driver, Indiana News: ਅਮਰੀਕਾ ਦੇ ਇੰਡੀਆਨਾ ਵਿੱਚ ਪੁਲਿਸ ਨੇ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ। ਉਸਨੇ ਆਪਣੇ ਇੱਕ ਚਿੱਟੇ ਪਿਕਅੱਪ ਟਰੱਕ ਨੂੰ ਆਪਣੇ ਸੈਮੀ-ਟਰੱਕ ਨਾਲ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਡਰਾਈਵਰ, 64 ਸਾਲਾ ਟੈਰੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਖਦੀਪ ਨੇ ਰੈੱਡ ਲਾਈਟ ਟੱਪ ਦਿੱਤੀ, ਜਿਸ ਕਾਰਨ ਕਰੀਬ 3 ਵਾਹਨ ਇਸ ਹਾਦਸੇ ਦੀ ਚਪੇਟ ਵਿੱਚ ਆ ਗਏ। ਇਹ ਘਟਨਾ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਇੰਡੀਆਨਾਪੋਲਿਸ ਦੇ ਪੱਛਮ ਵਿੱਚ ਸਥਿਤ ਹੈਂਡਰਿਕਸ ਕਾਉਂਟੀ ਵਿੱਚ ਵਾਪਰੀ।
ਹਾਦਸੇ ਤੋਂ ਬਾਅਦ ਹੈਰਾਨੀਜਨਕ ਖੁਲਾਸਾ
ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ, ਸੁਖਦੀਪ ਸਿੰਘ ਨੇ ਆਪਣੇ ਸੈਮੀ-ਟਰੱਕ ਨਾਲ ਲਾਲ ਬੱਤੀ (ਰੈੱਡ ਲਾਈਟ) ਜੰਪ ਕੀਤੀ, ਜਿਸ ਕਾਰਨ ਉਸ ਦੇ ਟਰੱਕ ਦੀ ਟੱਕਰ ਤਿੰਨ ਵਾਹਨਾਂ ਨਾਲ ਹੋ ਗਈ। ਇਸ ਟੱਕਰ ਵਿੱਚ ਇੱਕ ਚਿੱਟਾ ਪਿਕਅੱਪ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਦੇ ਡਰਾਈਵਰ ਟੈਰੀ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਹੋਈ ਪੜਤਾਲ ਵਿੱਚ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਸੁਖਦੀਪ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਸੁਖਦੀਪ 2018 ਵਿੱਚ ਗੈਰ-ਕਾਨੂੰਨੀ ਰਸਤੇ ਰਾਹੀਂ ਅਮਰੀਕਾ ਦਾਖਲ ਹੋਇਆ ਸੀ ਅਤੇ ਉਦੋਂ ਫੜਿਆ ਵੀ ਗਿਆ ਸੀ। ਹਾਲਾਂਕਿ, ਉਸ ਸਮੇਂ ਨਾਬਾਲਗ ਹੋਣ ਕਾਰਨ ਉਸ ਨੂੰ ‘ਫਲੋਰਸ ਕੰਸੈਂਟ ਡਿਕਰੀ’ ਤਹਿਤ ਉਸਦੇ ਰਿਸ਼ਤੇਦਾਰਾਂ ਦੇ ਹਵਾਲੇ ਕਰਕੇ ਛੱਡ ਦਿੱਤਾ ਗਿਆ ਸੀ। ਫਿਲਹਾਲ ਉਹ ‘ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ’ (ICE) ਦੀ ਹਿਰਾਸਤ ਵਿੱਚ ਹੈ।
ਸੁਖਦੀਪ ਸਿੰਘ ਦਾ ਪਿਛਲਾ ਡਰਾਈਵਿੰਗ ਰਿਕਾਰਡ ਵੀ ਕਾਫੀ ਖਰਾਬ ਰਿਹਾ ਹੈ। ਉਸ ਦੇ ਨਾਮ ‘ਤੇ ਓਵਰਸਪੀਡਿੰਗ ਦੇ ਤਿੰਨ ਚਾਲਾਨ ਦਰਜ ਹਨ, ਜਿਨ੍ਹਾਂ ਵਿੱਚ ਉਸਨੇ ਨਿਰਧਾਰਤ ਸੀਮਾ ਤੋਂ ਕਿਤੇ ਵੱਧ ਰਫਤਾਰ ਨਾਲ ਗੱਡੀ ਚਲਾਈ ਸੀ। ਇਸੇ ਸਾਲ 8 ਜਨਵਰੀ ਨੂੰ ਇੱਕ ਕਾਰ ਹਾਦਸੇ ਤੋਂ ਬਾਅਦ ਵੀ ਉਸਦਾ ਚਾਲਾਨ ਕੱਟਿਆ ਗਿਆ ਸੀ ਕਿਉਂਕਿ ਉਸ ਕੋਲ ਬੀਮਾ ਅਤੇ ਵੈਧ ਰਜਿਸਟ੍ਰੇਸ਼ਨ ਨਹੀਂ ਸੀ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦੇ ਬਾਵਜੂਦ ਉਸ ਨੇ 2025 ਵਿੱਚ ‘ਨਾਨ-ਡੋਮੀਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ’ (CDL) ਕਿਵੇਂ ਹਾਸਲ ਕੀਤਾ। ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਉਸ ਨੇ ਗਲਤ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਅਨੁਸਾਰ, ਪਿਛਲੇ 15 ਦਿਨਾਂ ਵਿੱਚ ਇਹ ਅਜਿਹੀ ਦੂਜੀ ਘਟਨਾ ਹੈ ਜਿੱਥੇ ਕਿਸੇ ਗੈਰ-ਕਾਨੂੰਨੀ ਪ੍ਰਵਾਸੀ ਡਰਾਈਵਰ ਕਾਰਨ ਕਿਸੇ ਨਿਰਦੋਸ਼ ਦੀ ਜਾਨ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਜਾਂ ਅੰਗਰੇਜ਼ੀ ਦੀ ਸਹੀ ਜਾਣਕਾਰੀ ਨਹੀਂ ਹੁੰਦੀ, ਜੋ ਸੜਕਾਂ ‘ਤੇ ਵੱਡੇ ਖਤਰੇ ਦਾ ਕਾਰਨ ਬਣ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ