ਮਾ. ਲਖਵਿੰਦਰ ਸਿੰਘ ਰਈਆ
ਬਾਬਾ ਮੂਲਾ ਸਿੰਘ ਪਿੰਡ ਦਾ ਨੰਬਰਦਾਰ ਸੀ। ਬਿਲਕੁਲ ਸਾਦ-ਮੁਰਾਦਾ। ਖਾਣਾ ਵੀ ਸਾਦਾ ਤੇ ਪਹਿਨਣਾ ਵੀ ਸਾਦਾ। ਨਸ਼ਿਆਂ ਤੋਂ ਕੋਹਾਂ ਦੂਰ। ਦੋ ਭਰਾਵਾਂ (ਰੂੜ ਸਿੰਘ ਤੇ ਊਧਮ ਸਿੰਘ) ਦਾ ਮੋਢੀ ਤੇ ਚਾਰ ਪੁੱਤਰਾਂ (ਸੋਹਣ ਸਿੰਘ, ਤੇਜਾ ਸਿੰਘ, ਕਰਨੈਲ ਸਿੰਘ ਤੇ ਮਹਿਲ ਸਿੰਘ) ਦਾ ਬਾਪ ਬਾਬਾ ਮੂਲਾ ਸਿੰਘ ਖ਼ੁਦ ਵੀ ਪੂਰਾ ਮਿਹਨਤੀ ਸੀ ਤੇ ਅੱਗੋਂ ਉਸ ਦੀ ਔਲਾਦ ਵੀ ਪੂਰੀ ਕਮਾਊ ਸੀ। ਘਰ ਪਰਿਵਾਰ ਵਿੱਚ ਰਿਜ਼ਕ ਦੀਆਂ ਪੂਰੀਆਂ ਲਹਿਰਾਂ- ਬਹਿਰਾਂ ਸਨ। ਲੱਛਮੀ ਦੀ ਵੀ ਫੁੱਲ ਕਿਰਪਾ ਸੀ, ਪਰ ਸਿਦਕਵਾਨ ਏਨਾ ਸੀ ਕਿ ਕੀ ਮਜ਼ਾਲ ਸੀ ਕਿ ਬਈ ਕਿਸੇ ਦੇ ਬੋਹਲ਼ ਦਾ ਦਾਣਾ/ ਕਿਣਕਾ ਵੀ ਉਸ ਦੇ ਬੋਹਲ਼ ਵਿੱਚ ਆਣ ਰਲੇ। ਜੇ ਕਿਤੇ ਹਨੇਰੀ ਝੱਖੜ ਅਜਿਹਾ ਕੁਝ ਵਾਪਰ ਜਾਂਦਾ ਤਾਂ ਉਹ ਦੂਣਾ ਕਰਕੇ ਮੋੜ ਕੇ ਹੀ ਦਮ ਲੈਂਦਾ। ਲੋਕਾਂ ਵਿੱਚ ਧਾਰਨਾ ਬਣੀ ਹੋਈ ਸੀ ਕਿ ਜੇ ਇਸ ਬਾਬੇ ਦੇ ਪੈਰ ਜਿਸ ਖੇਤ ਵਿੱਚ ਵੀ ਪੈ ਜਾਣ ਤਾਂ ਉਸ ਖੇਤ ਦੀ ਫ਼ਸਲ ਲਹਿਰਾ ਉੱਠਦੀ ਹੈ। ਬਾਬੇ ਨੇ ਵੀ ਆਪਣੇ ਖੇਤਾਂ ਵਿੱਚੋਂ ਲੋਕ ਲਾਂਘੇ /ਡੰਡੀਆਂ ਨੂੰ ਰੋਕਣ ਲਈ ਵਾੜ ਆਦਿ ਵੀ ਕਦੇ ਨਹੀਂ ਕੀਤੀ ਸੀ।
ਬਾਬੇ ਮੂਲਾ ਸਿੰਘ ਦਾ ਨਿਤਨੇਮ ਸੀ ਕਿ ਹਰ ਸ਼ਾਮ ਨੂੰ ਉਸ ਨੇ ਵਿਹੜੇ (ਗਰੀਬ ਕਾਲੋਨੀ) ਵੱਲ ਗੇੜਾ ਮਾਰ ਕੇ ਸੁੱਖ-ਸਾਂਦ ਪੁੱਛਦਿਆਂ ਨਾਲ ਨਾਲ ਆਖੀ ਵੀ ਜਾਣਾ, ‘‘ਡੱਡਿਓ/ਮੁੱਤਿਓ /ਛਿੰਦਿਓ/ਭਾਈ ਬੰਦਿਓ! ਜੇ ਪੈਸੇ-ਧੇਲੇ ਜਾਂ ਆਟੇ-ਗੁੜ ਦੀ ਲੋੜ ਐ ਤਾਂ ਉਕਾ ਈ ਸੰਗਣਾ/ ਝਿਜਕਣਾ ਨਹੀਂ ਤੇ ਨਾ ਹੀ ਭੁੱਖੇ ਸੋਣਾ ਜੇ।’’ ‘ਡੱਡਿਓ/ਮੁੱਤਿਓ/ ਛਿੰਦਿਓ/ ਭਾਈ ਬੰਦਿਓ’ ਬਾਬੇ ਦੇ ਲਾਡ ਪਿਆਰ ਤੇ ਮਮਤਾ ਭਰੇ ਬੋਲ ਉਸ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਜਾਪਦੇ। ਲੋੜਵੰਦ ਬੇਝਿਜਕ ਹੋ ਕੇ ਆਪਣੀਆਂ ਲੋੜਾਂ ਨੂੰ ਪੂਰਾ ਕਰ ਲੈਂਦੇ। ਜੇ ਕਿਸੇ ਨੂੰ ਵੱਡੀ ਆਰਥਿਕ ਲੋੜ ਪੈਂਦੀ ਤਾਂ ਉਹ ਪੈਸਿਆਂ ਬਦਲੇ ਆਪਣੀ ਜਾਇਦਾਦ (ਪੈਲੀ ਬੰਨਾ) ਬੈਅ ਕਰਨ (ਵੇਚਣ) ਲਈ ਬਾਬੇ ਕੋਲ ਪਹੁੰਚ ਕਰਦੇ ਤਾਂ ਬਾਬਾ ਹੌਸਲਾ ਦਿੰਦਾ ਆਖਦਾ, ‘‘ਭਾਈ ਬੀਬਿਆ! ਜੇ ਦਿਨ ਨਹੀਂ ਰਿਹਾ ਤਾਂ ਰਾਤ ਵੀ ਨਹੀਂ ਰਹਿਣੀ, ਚੰਗੇ-ਮਾੜੇ ਦਿਨਾਂ ਦਾ ਚੱਕਰ ਚੱਲਦਾ ਈ ਰਹਿਣੈ। ਜੇ ਤੁਹਾਡਾ ਬੁੱਤਾ ਉਂਜ ਈ ਸਾਰਤਾ (ਮਦਦ ਕਰਤੀ) ਤਾਂ ਤੁਹਾਡੇ ਵਿੱਚ ਆਲਸ ਤੇ ਵਿਹਲੀਆਂ ਖਾਣ (ਮੁਫ਼ਤਖੋਰੀ) ਦੀ ਆਦਤ ਪੈ ਜਾਏਗੀ। ਸੋ ਤੁਹਾਡਾ ਪੈਲੀ ਬੰਨਾ ਬੈਅ ਨਹੀਂ ਸਿਰਫ਼ ਅਮਾਨਤ ਵਜੋਂ ਗਹਿਣੇ ਹੀ ਰੱਖਾਂਗਾ ਤਾਂ ਕਿ ਤੁਹਾਡੇ ਵਿੱਚ ਮਿਹਨਤ/ਕਿਰਤ ਕਮਾਈ ਕਰਨ ਦਾ ਰੁਝਾਨ ਬਣਿਆ ਰਹੇ। ਜਦੋਂ ਵੀ ਤੁਸੀਂ ਪੈਰਾਂ ਸਿਰ ਹੋ ਜਾਓ ਤਾਂ ਪੈਸੇ ਮੋੜ ਕੇ ਆਪਣੇ ਪੈਲੀ ਬੰਨੇ ਦੇ ਮਾਲਕ ਬਣੇ ਰਹੋਗੇ।’’ ਬਾਬੇ ਨੇ ਕਈਆਂ ਦੀ ਇਸ ਤਰੀਕੇ ਨਾਲ ਮਦਦ ਵੀ ਕੀਤੀ ਤੇ ਉਨ੍ਹਾਂ ਵੱਲੋਂ ਪੈਸੇ ਮੋੜਨ ’ਤੇ ਉਨ੍ਹਾਂ ਦੀ ਅਮਾਨਤ ਬਗੈਰ ਕਿਸੇ ਹੀਲ ਹੁਜ਼ਤ ਦੇ ਵਾਪਸ ਕਰ ਦਿੰਦਾ ਸੀ।
ਉਹ ਵੇਲਾ ਵੀ ਬੜਾ ਭਲਾ ਸੀ। ਲੋਕ ਵੀ ਬੜੇ ਸਿਦਕਵਾਨ ਤੇ ਗ਼ੈਰਤਮੰਦ ਸਨ। ਕੋਈ ਵੀ ਬਗੈਰ ਲੋੜ ਤੋਂ ਕਿਸੇ ਅੱਗੇ ਹੱਥ ਅੱਡਣੇ ਜਾਨੀ ਵਿਹਲੀਆਂ ਖਾਣੀਆਂ ਉਕਾ ਹੀ ਪਸੰਦ ਨਹੀਂ ਕਰਦਾ ਸੀ। ਸਗੋਂ ਇਸ ਨੂੰ ਜ਼ਲਾਲਤ ਭਰਿਆ ਕਰਮ ਗਿਣਿਆ ਜਾਂਦਾ ਸੀ। ਪਿੰਡ ਦੀ ਧੀ ਭੈਣ ਦੇ ਵਿਆਹ-ਸ਼ਾਦੀ ਦੇ ਕਾਰਜਾਂ ਸਮੇਂ ਬਾਬਾ ਮੂਲਾ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਤੇ ਬਾਬਾ ਵੀ ਸੌ ਵਲ਼ ਭੰਨ ਕੇ ਜ਼ਰੂਰ ਪਹੁੰਚਦਾ। ਜੇ ਕਿਤੇ ਬਾਬੇ ਤੋਂ ਪਹੁੰਚ ਨਾ ਵੀ ਹੰਦਾ ਤਾਂ ਵੀ ਸ਼ਗਨ ਦੇ ਰੂਪ ਵਿੱਚ ਉਸ ਦੇ ਪਿਆਰ ਦਾ ਹੱਥ ਵਿਆਂਦੜ ਧੀ ਭੈਣ ਦੇ ਸਿਰ ’ਤੇ ਜ਼ਰੂਰ ਹੁੰਦਾ।
ਸਾਲ 1955 ਦੇ ਹੜ੍ਹਾਂ ਦੀ ਤਬਾਹੀ ਦੀ ਗੱਲ ਹੈ ਕਿ ਜਿੱਥੇ ਫ਼ਸਲਾਂ ਦੀ ਵੱਡੀ ਤਬਾਹੀ ਹੋਈ, ਉੱਥੇ ਬਹੁਤ ਸਾਰੇ ਰੈਣ ਬਸੇਰੇ ਵੀ ਢਹਿ-ਢੇਰੀ ਹੋ ਗਏ। ਬਾਬੇ ਨੇ ਆਪਣੀ ਜਮ੍ਹਾਂ ਪੂੰਜੀ/ਪਦਾਰਥਾਂ ਵਿੱਚੋਂ ਲੋੜਵੰਦਾਂ ਦੀ ਆਪਣੀ ਸਮਰੱਥਾ ਅਨੁਸਾਰ ਸਹਾਇਤਾ ਕੀਤੀ। ਉੱਧਰ ਸਰਕਾਰ ਨੇ ਹੜ੍ਹ ਪੀੜਤਾਂ ਦੀ ਬਾਂਹ ਫੜਨ ਦੇ ਯਤਨ ਵਜੋਂ ਮੁਆਵਜ਼ਾ ਵੰਡਣ ਲਈ ਐਲਾਨ ਕਰ ਦਿੱਤਾ।
ਪਿੰਡ ਦੇ ਚੌਕੀਦਾਰ ਨੇ ਪੀਪਾ ਖੜਕਾ ਕੇ ਪਿੰਡ ਦੇ ਲੋਕਾਂ ਨੂੰ ਰਈਆ ਕੋਠੀ (ਰੈਸਟ ਹਾਊਸ) ਵਿੱਚ ਪਹੁੰਚ ਕੇ ਮੁਆਵਜ਼ਾ ਲੈਣ ਲਈ ਇਤਲਾਹ ਵੀ ਦੇ ਦਿੱਤੀ। ਲੋਕ ਜਿਨ੍ਹਾਂ ਚ ਬਾਬਾ ਵੀ ਸੀ, ਸਮੇਂ ਸਿਰ ਨਿਸ਼ਚਿਤ ਸਥਾਨ ’ਤੇ ਪਹੁੰਚ ਗਏ। ਉੱਧਰ ਉੱਚੇ ਉੱਚੇ ਤੁਰਲਿਆਂ/ ਫਰਲਿਆਂ ਵਾਲੇ ਬਹੁਤ ਸਾਰੇ ਸਫ਼ੈਦਪੋਸ਼ ਆਪਣੀ ਧੌਂਸ ਜਮਾਉਣ ਲਈ ਮੁਆਵਜ਼ਾ ਵੰਡਣ ਵਾਲੇ ਤਹਿਸੀਲਦਾਰ ਦੇ ਨੇੜੇ ਹੋ ਕੇ ਬੈਠੇ ਹੋਏ ਸਨ। ਪੂਰਾ ਰੋਹਬ ਆਕੜੀਆਂ ਧੌਣਾਂ। ਜਾਨੀ ਹੈਂਕੜ ਭਰੀ ਟੌਹਰ- ਸ਼ੌਹਰ ਦੀ ਪੂਰੀ ਤੂਤੀ ਬੋਲ ਰਹੀ ਸੀ।
ਮੁਆਵਜ਼ਾ ਵੰਡਿਆ ਜਾਣ ਲੱਗਾ, ਪਰ ਅੰਕੜਿਆਂ ਦਾ ਤਾਲਮੇਲ ਨਾ ਹੋਣ ਕਰਕੇ ਮੁਆਵਜ਼ੇ ਦੀ ਰਕਮ ਥੁੜ੍ਹ ਗਈ। ਤਹਿਸੀਲਦਾਰ ਰਹਿਮ ਦਿਲ ਸੀ। ਉਸ ਦੀ ਚਾਹਤ ਸੀ ਕਿ ਇੱਥੇ ਆਏ ਕਿਸੇ ਨੂੰ ਵੀ ਖਾਲੀ ਮੋੜ ਕੇ ਨਿਰਾਸ਼ ਨਾ ਕੀਤਾ ਜਾਵੇ। ਸੋ ਉਸ ਨੇ ਆਪਣੀ ਜੇਬ ਵਿੱਚ ਵੀ ਹੱਥ ਮਾਰਿਆ, ਪਰ ਪੂਰੀ ਗੱਲ ਨਾ ਬਣੀ। ਉਸ ਨੇ ਆਪਣੇ ਲਾਗੇ ਬੈਠੇ ਸਫ਼ੈਦਪੋਸ਼ ਰੋਹਬਦਾਰਾਂ ਨੂੰ ਕੁਝ ਹੱਥ ਵਟਾਉਣ ਲਈ ਵਗਾਰ ਪਾਈ ਤਾਂ ਉਨ੍ਹਾਂ ਦੀ ਬੋਲ ਰਹੀ ਤੂਤੀ ਦੀ ਇੱਕ ਦਮ ਫੂਕ ਨਿਕਲ ਗਈ ਤੇ ਆਕੜੀਆਂ ਧੌਣਾਂ ਹੇਠਾਂ ਨੂੰ ਝੁਕ ਗਈਆਂ। ਬੇਸ਼ੱਕ ਤਹਿਸੀਲਦਾਰ ਨੇ ਇਹ ਉਧਾਰ ਅਗਲੇ ਦਿਨ ਵਾਪਸ ਕਰ ਹੀ ਦੇਣਾ ਸੀ।
ਆਮ ਲੋਕਾਂ ਵਿੱਚ ਬੈਠਾ ਸਾਦ ਮੁਰਾਦਾ ਬਾਬਾ ਉੱਠਿਆ ਤੇ ਲਾਈਨ ਵਿੱਚ ਲੱਗਣ ਦੀ ਥਾਂ ਸਿੱਧਾ ਤਹਿਸੀਲਦਾਰ ਦੀ ਕੁਰਸੀ ਵੱਲ ਹੀ ਹੋ ਤੁਰਿਆ। ਤਹਿਸੀਲਦਾਰ ਨੇ ਬਾਬੇ ਵੱਲ ਤਰਸ ਦੀ ਭਾਵਨਾ ਨਾਲ ਵੇਖਦਿਆਂ ਸੋਚਿਆ ਕਿ ਇਸ ਹਮਾਤੜ ਬਾਬੇ ਨੂੰ ਮੁਆਵਜ਼ੇ ਦੀ ਕੁਝ ਜ਼ਿਆਦਾ ਹੀ ਲੋੜ ਹੋਵੇਗੀ।
ਏਨੇ ਚਿਰ ਨੂੰ ਬਾਬੇ ਨੇ ਤੇੜ ਬੱਧੀ ਆਪਣੀ ਖੱਦਰ ਚਾਦਰ ਦੀ ਡੱਬ/ਲੜ ਵਿੱਚੋਂ ਬਹੁਤ ਸਾਰੇ 100-100 ਰੁਪਏ ਦੇ ਨੋਟ ਕੱਢੇ ਤੇ ਤਹਿਸੀਲਦਾਰ ਦੇ ਮੇਜ਼ ’ਤੇ ਰੱਖਦਿਆਂ ਆਖਣ ਲੱਗਾ, ‘‘ਮੋਤੀਆਂ ਵਾਲਿਆ! ਐ ਮੇਰੀ ਗਰੀਬ ਜਿਹੀ ਸੇਵਾ ਵੀ ਲੋੜਵੰਦਾਂ ਵਿੱਚ ਵੰਡ ਦੇਣਾ ਤਾਂ ਕਿ ਕੋਈ ਵੀ ਮੁਆਵਜ਼ੇ ਤੋਂ ਖਾਲੀ ਨਾ ਮੁੜੇ। ਏਸੇ ਬਹਾਨੇ ਦਾਨ ਪੁੰਨ ਵਿੱਚ ਮੇਰਾ ਵੀ ਤਿਲ ਫੁੱਲ ਪੈ ਜਾਊ।’’ ਇਹ ਸੁਣਦਿਆਂ ਸਾਰ ਹੀ ਭਾਵੁਕ ਹੋਏ ਤਹਿਸੀਲਦਾਰ ਨੇ ਬਾਬੇ ਮੂਲਾ ਸਿੰਘ ਨੂੰ ਜੱਫੀ ਵਿੱਚ ਲੈ ਕੇ ਕੁਰਸੀ ’ਤੇ ਬਿਠਾਉਂਦਿਆਂ ਕਹਿਣ ਲੱਗਾ, ‘‘ਵੇਖੋ ਬਈ ਸੱਜਣੋਂ ! ਅਸਲੀ ਟੌਹਰ ਤਾਂ ਦਿਲ ਦਰਿਆ ਇਸ ਬਾਬੇ ਦੀ …ਆ।’’
ਬਾਬਾ ਮੂਲਾ ਸਿੰਘ ਨੰਬਰਦਾਰ ਦਾ ਭਾਵੇਂ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ ਕਰੀਬ ਪੌਣੀ ਕੁ ਸਦੀ ਦਾ ਸਮਾਂ ਹੋ ਚੱਲਿਆ ਹੈ, ਪਰ ਅਜੇ ਵੀ ਇਸ ਦਿਲ ਦਰਿਆ ਬਾਬੇ ਦੇ ਕਿੱਸੇ ਦੀ ਚੁੰਝ ਚਰਚਾ ਕਿਤੇ ਨਾ ਕਿਤੇ ਸੁਣਨ ਨੂੰ ਜ਼ਰੂਰ ਮਿਲ ਹੀ ਜਾਂਦੀ ਹੈ।
ਸੰਪਰਕ: 98764-74858
News Source link
#ਦਰਆ #ਦਲ #ਬਬ