29 C
Patiāla
Thursday, May 16, 2024

ਬਦਲ ਗਏ ਲਹਿਜੇ: ਆਪਣੇ ਪੁਚਕਾਰੇ, ਵਿਰੋਧੀ ਠਾਰੇ..!

Must read


ਚਰਨਜੀਤ ਭੁੱਲਰ

ਚੰਡੀਗੜ੍ਹ, 25 ਜੂਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਜਟ ਸੈਸ਼ਨ ’ਚ ਆਪਣਿਆਂ ਨੂੰ ਥਾਪੀ ਦਿੱਤੀ ਜਦੋਂਕਿ ਵਿਰੋਧੀਆਂ ਪ੍ਰਤੀ ਵੀ ਨਿੱਘ ਦਿਖਾਇਆ। ਕਾਂਗਰਸੀ ਵਿਧਾਇਕ ਜਦੋਂ ਸਦਨ ਵਿਚੋਂ ਵਾਕਆਊਟ ਕਰ ਗਏ ਤਾਂ ਮੁੱਖ ਮੰਤਰੀ ਦਾ ਲਹਿਜਾ ਵੀ ਬਦਲ ਗਿਆ ਅਤੇ ਤੇਵਰ ਵੀ। ਉਨ੍ਹਾਂ ਸਾਹਮਣੇ ਬੈਂਚ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਯਾਲੀ ਬੈਠੇ ਸਨ ਜਿਨ੍ਹਾਂ ਨਾਲ ਭਾਸ਼ਣ ਦੌਰਾਨ ਉਹ ਅਪਣੱਤ ਭਰੀ ਗੁਫ਼ਤਗੂ ਕਰਦੇ ਰਹੇ। ਇਯਾਲੀ ਨੇ ਮੁੱਖ ਮੰਤਰੀ ਦੇ ਫ਼ੈਸਲਿਆਂ ਦੀ ਤਾਰੀਫ਼ ਕੀਤੀ ਜਦੋਂਕਿ ਮੁੱਖ ਮੰਤਰੀ ਨੇ ਇਯਾਲੀ ਵੱਲੋਂ ਦਿੱਤੇ ਸੁਝਾਵਾਂ ਦਾ ਸਵਾਗਤ ਕੀਤਾ। 

ਮੁੱਖ ਮੰਤਰੀ ਜਦੋਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰਨ ਲੱਗੇ ਤਾਂ ਵਿਧਾਇਕ ਇਯਾਲੀ ਨੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਧਿਰਾਂ ਨਾਲ ਬੈਠ ਕੇ ਪੰਜਾਬ ਸਰਕਾਰ ਪੰਜਾਹ ਫ਼ੀਸਦੀ ਕੱਦੂ ਵਾਲੇ ਝੋਨੇ ’ਤੇ ਪਾਬੰਦੀ ਲਗਾਉਣ ਵੱਲ ਵਧੇ। ਮੁੱਖ ਮੰਤਰੀ ਨੇ ਇਯਾਲੀ ਨੂੰ ਕਿਹਾ ਕਿ ਉਹ ਆਪ ਸਿੱਧੀ ਬਿਜਾਈ ਕਰਦੇ ਹਨ ਤੇ ਆਉਣ ਵਾਲੀਆਂ ਮੁਸ਼ਕਲਾਂ ਦਾ ਵੀ ਉਨ੍ਹਾਂ ਨੂੰ ਪਤਾ ਹੋਣਾ। ਮੁੱਖ ਮੰਤਰੀ ਨੇ ਇਯਾਲੀ ਦੇ ਸੁਝਾਅ ਨੂੰ ਚੰਗਾ ਦੱਸਦਿਆਂ ਕਿਹਾ ਕਿ ਇਸ ਮਾਮਲੇ ’ਤੇ ਜਲਦੀ ਗੱਲ ਕੀਤੀ ਜਾਵੇਗੀ। ਜਦ ਮੁੱਖ ਮੰਤਰੀ ਸਹਿਕਾਰੀ ਸਭਾਵਾਂ ਦਾ ਜ਼ਿਕਰ ਕਰਨ ਲੱਗੇ ਤਾਂ ਮਨਪ੍ਰੀਤ ਇਯਾਲੀ ਮੁੜ ਉੱਠੇ ਅਤੇ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਚੋਣ ਨੂੰ ਸਿਆਸਤ ਵਿਚੋਂ ਬਾਹਰ ਕੀਤਾ ਜਾਵੇ ਕਿਉਂਕਿ ਸਿਆਸੀ ਆਗੂਆਂ ਨੇ ਸਭਾਵਾਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ। ਬਾਘਾਪੁਰਾਣਾ ਤੋਂ ‘ਆਪ’ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਸੁਖਾਨੰਦ ਦੀ ਸਹਿਕਾਰੀ ਸਭਾ ਇੱਕ ਮਾਡਲ ਹੈ ਜੋ ਸਭ ਕਾਰੋਬਾਰ ਕਰ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪਿੰਡ ਦੀ ਸਹਿਕਾਰੀ ਸਭਾ ਦੇਖਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਇਹ ਸੱਦਾ ਸਵੀਕਾਰ ਕੀਤਾ। ਮੁੱਖ ਮੰਤਰੀ ਨੇ ਖੇਡ ਮੰਤਰੀ ਮੀਤ ਹੇਅਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੀਤ ਹੇਅਰ ਖ਼ੁਦ ਗਰਾਊਂਡ ਵਿਚ ਪ੍ਰੈਕਟਿਸ ਕਰਨ ਜਾਂਦੇ ਹਨ। ਇਵੇਂ ਵੀ ਜਦੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਗੱਲ ਤੁਰੀ ਤਾਂ ਉਨ੍ਹਾਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਸ਼ੰਸਾ ਕੀਤੀ।  

ਕਈ ਵਿਧਾਇਕ ਰਹੇ ਗ਼ੈਰਹਾਜ਼ਰ 

ਸਦਨ ਵਿਚੋਂ ਅੱਜ ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਜਪਾ ਵਿਧਾਇਕ ਅਸ਼ਵਨੀ ਕੁਮਾਰ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਗ਼ੈਰਹਾਜ਼ਰ ਰਹੇ। ਅੱਜ ਅਕਾਲੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਵੀ ਥੋੜ੍ਹਾ ਸਮਾਂ ਬੈਠਣ ਮਗਰੋਂ ਚਲੇ ਗਏ। 

ਕਿਸਾਨੀ ਤੇ ਜਵਾਨੀ ਦਾ ਦਰਦ ਝਲਕਿਆ

ਮੁੱਖ ਮੰਤਰੀ ਨੇ ਅੱਜ ਸਦਨ ਵਿਚ ਕਿਸਾਨੀ ਤੇ ਜਵਾਨੀ ਦੇ ਦੁੱਖਾਂ ਦੀ ਗੱਲ ਵੀ ਛੇੜੀ। ਨੌਜਵਾਨਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨੌਜਵਾਨ ਜ਼ਮੀਨਾਂ ਵੇਚ ਅਤੇ ਕੋਈ ਮਾਂ ਦੀਆਂ ਵਾਲੀਆ ਵੇਚ ਕੇ ਵਿਦੇਸ਼ ਜਾਣ ਲਈ ਮਜਬੂਰ ਹਨ| ਅੱਗਿਉਂ ਬਗਾਨੇ ਮੁਲਕ ਵਿਚ ਹੋਰ ਦੁਸ਼ਵਾਰੀਆਂ ਹਨ, ਪੰਜਾਬ ਦੇ ਘਰ ਖ਼ਾਲੀ ਹੋ ਰਹੇ ਹਨ। ਕਰਜ਼ੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਨਵੇਂ ਟਰੈਕਟਰ ਵਿਕਣ ਲੱਗੇ ਹਨ। ਧੀਆਂ ਦੇ ਵਿਆਹ ਲਈ ਕਿਸਾਨ ਕਰਜ਼ੇ ’ਤੇ ਟਰੈਕਟਰ ਚੁੱਕਦਾ ਹੈ ਅਤੇ ਕੁੱਝ ਦਿਨਾਂ ਮਗਰੋਂ ਹੀ ਘਾਟਾ ਪਾ ਕੇ ਟਰੈਕਟਰ ਵੇਚ ਦਿੰਦਾ ਹੈ।   





News Source link

- Advertisement -

More articles

- Advertisement -

Latest article