MP ਅੰਮ੍ਰਿਤਪਾਲ ਸਿੰਘ ਦਿੱਲੀ ਪਹੁੰਚੇ, ਸੇਫ ਹਾਊਸ ਵਿੱਚ ਰੱਖਿਆ , ਕੱਲ੍ਹ ਪੰਜਾਬ ਲਿਆਂਦਾ ਜਾਵੇਗਾ 

Must read


 Amritpal Singh : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲੈ ਕੇ ਪਹੁੰਚ ਗਈ ਹੈ। ਉਨ੍ਹਾਂ ਨੂੰ ਇੱਥੇ ਇੱਕ ਸੇਫ ਹਾਊਸ ਵਿੱਚ ਰੱਖਿਆ ਗਿਆ ਹੈ। ਹੁਣ ਸੰਸਦ ਮੈਂਬਰ ਨੂੰ ਕੱਲ੍ਹ ਅੰਮ੍ਰਿਤਸਰ ਲਿਆਂਦਾ ਜਾਵੇਗਾ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਸੜਕ ਰਸਤੇ ਲਿਆਂਦਾ ਜਾਵੇਗਾ ਜਾਂ ਫਿਰ ਫਲਾਈਟ ਰਾਹੀਂ।

ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਪਹਿਲੀ ਤਸਵੀਰ ਵੀ ਸਾਹਮਣੇ ਆਈ ਸੀ। ਤਸਵੀਰ ਵਿੱਚ ਉਹ ਜੇਲ੍ਹ ਤੋਂ ਬਾਹਰ ਨਿਕਲਦੇ ਅਤੇ ਏਅਰਪੋਰਟ ਦੇ ਅੰਦਰ ਜਾਂਦੇ ਦਿਖਾਈ ਦਿੱਤੇ ਸਨ। ਕਰੀਬ ਸਾਢੇ ਤਿੰਨ ਸਾਲ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਰਹੇ ਹਨ। 

ਸੰਸਦ ਮੈਂਬਰ 21 ਨਵੰਬਰ ਨੂੰ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਵਿੱਚ ਆਪਣੀ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੀ ਦਾਦੀ ਦਾ 8 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਇਸ ਸਬੰਧੀ ਅੰਮ੍ਰਿਤਸਰ ਅਦਾਲਤ ਵੱਲੋਂ ਉਨ੍ਹਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ। ਅੰਮ੍ਰਿਤਪਾਲ ਨੂੰ ਲਿਆਉਣ ਅਤੇ ਵਾਪਸ ਲਿਜਾਣ ਲਈ ਪਰਿਵਾਰ ਨੇ ਪੁਲਿਸ ਦੇ ਸਰਕਾਰੀ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾਏ ਹਨ।

ਮਾਹੌਲ ਖਰਾਬ ਹੋਇਆ ਤਾਂ ਪੁਲਿਸ ਤੁਰੰਤ ਵਾਪਸ ਲੈ ਜਾਵੇਗੀ

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਖਰਾਬ ਹੋਣ ਦੀ ਸਥਿਤੀ ਵਿੱਚ ਪੁਲਿਸ ਨੂੰ ਉਨ੍ਹਾਂ ਨੂੰ ਤੁਰੰਤ ਵਾਪਸ ਲਿਜਾਣ ਦਾ ਅਧਿਕਾਰ ਦਿੱਤਾ ਗਿਆ ਹੈ। ਅੰਮ੍ਰਿਤਸਰ ਅਦਾਲਤ ਨੇ ਸਰਕਾਰ ਅਤੇ ਪੁਲਿਸ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਇਹ ਛੋਟ ਦਿੱਤੀ ਹੈ।

ਅਦਾਲਤ ਦੇ ਹੁਕਮਾਂ ਮੁਤਾਬਕ ਜੇਕਰ ਅੰਤਿਮ ਸਸਕਾਰ ਦੌਰਾਨ ਕਾਨੂੰਨ ਵਿਵਸਥਾ ਭੰਗ ਹੁੰਦੀ ਹੈ, ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਅਜਿਹੀ ਸਥਿਤੀ ਪੈਦਾ ਹੋਣ ਦਾ ਖਦਸ਼ਾ ਵੀ ਨਜ਼ਰ ਆਉਂਦਾ ਹੈ ਤਾਂ ਪੁਲਿਸ ਅੰਮ੍ਰਿਤਪਾਲ ਨੂੰ ਤੁਰੰਤ ਸੰਸਕਾਰ ਵਾਲੀ ਥਾਂ ਤੋਂ ਹਟਾ ਸਕਦੀ ਹੈ।

ਲੋੜ ਪੈਣ ‘ਤੇ ਤੁਰੰਤ ਪੰਜਾਬ ਤੋਂ ਬਾਹਰ ਲਿਜਾ ਸਕਦੀ ਹੈ ਪੁਲਿਸ

ਅਦਾਲਤ ਨੇ ਸਰਕਾਰ ਨੂੰ ਇਹ ਅਧਿਕਾਰ ਵੀ ਦਿੱਤਾ ਹੈ ਕਿ ਲੋੜ ਪੈਣ ‘ਤੇ ਅੰਮ੍ਰਿਤਪਾਲ ਸਿੰਘ ਨੂੰ ਸਿਰਫ਼ ਅੰਤਿਮ ਸਸਕਾਰ ਵਾਲੀ ਥਾਂ ਤੋਂ ਹੀ ਨਹੀਂ, ਸਗੋਂ ਤੁਰੰਤ ਪੰਜਾਬ ਤੋਂ ਬਾਹਰ ਵੀ ਲਿਜਾਇਆ ਜਾ ਸਕਦਾ ਹੈ। ਯਾਨੀ ਤਿੰਨ ਘੰਟਿਆਂ ਦੀ ਤੈਅ ਸਮਾਂ ਸੀਮਾ ਪੂਰੀ ਹੋਣ ਦੀ ਉਡੀਕ ਕੀਤੇ ਬਿਨਾਂ ਵੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਲਿਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ।

ਪੁਲਿਸ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ 10 ਲੱਖ ਰੁਪਏ

ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਉਣ ਅਤੇ ਵਾਪਸ ਲਿਜਾਣ ਲਈ ਪਰਿਵਾਰ ਵੱਲੋਂ ਪੁਲਿਸ ਦੇ ਸਰਕਾਰੀ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਹਨ।
ਇਸ ਵਿੱਚੋਂ 7 ਲੱਖ 84 ਹਜ਼ਾਰ ਰੁਪਏ ਟਿਕਟਾਂ ‘ਤੇ ਖਰਚ ਹੋਣਗੇ। ਇਨ੍ਹਾਂ ਟਿਕਟਾਂ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪੰਜ ਪੁਲਿਸ ਮੁਲਾਜ਼ਮਾਂ ਦੀਆਂ ਆਉਣ-ਜਾਣ ਦੀਆਂ ਟਿਕਟਾਂ ਸ਼ਾਮਲ ਹਨ।



News Source link

- Advertisement -

More articles

- Advertisement -

Latest article